ਮ੍ਰਿਤਕ ਪਤਨੀ ਨੂੰ ਸਹਿ ਅਰਜੀਕਾਰ ਦੱਸ ਕੇ ਲਿਆ 12.81 ਲੱਖ ਦਾ ਲੋਨ
ਭਿਆਨਕ ਸੜਕ ਹਾਦਸੇ ’ਚ ਮੌਤ ਨੂੰ ਮਾਤ ਦੇ ਗਿਆ ਟਰਾਲੇ ਦਾ ਡਰਾਈਵਰ
Publish Date: Sun, 17 May 2026 08:09 PM (IST)
Updated Date: Mon, 18 May 2026 04:15 AM (IST)

-ਗਲਤ ਦਿਸ਼ਾ ਤੋਂ ਆਏ ਟਿੱਪਰ ਨਾਲ ਭਿਆਨਕ ਟੱਕਰ, ਸਰੀਏ ਦਾ ਭਰਿਆ ਟ੍ਰਾਲਾ ਹੋਇਆ ਚਕਨਾਚੂਰ --- ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਢੰਡਾਰੀ ਜੀਟੀ ਰੋਡ ‘ਤੇ ਐਤਵਾਰ ਤੜਕੇ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਵਿੱਚ ਸਰੀਏ ਨਾਲ ਲੱਦਿਆ ਟ੍ਰਾਲਾ ਬੁਰੀ ਤਰ੍ਹਾਂ ਤਬਾਹ ਹੋ ਗਿਆ, ਜਦਕਿ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟ੍ਰਾਲੇ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਰੇਲਿੰਗ ਨਾਲ ਜਾ ਟਕਰਾਇਆ। ਇਹ ਡਰਾਈਵਰ ਦੀ ਚੰਗੀ ਕਿਸਮਤ ਹੀ ਸੀ ਕਿ ਉਸ ਦੀ ਜਾਨ ਬਚ ਗਈ। ਹਾਦਸੇ ਤੋਂ ਬਾਅਦ ਸੜਕ ‘ਤੇ ਲੁੱਕ ਅਤੇ ਮਲਬਾ ਫੈਲਣ ਕਾਰਨ ਲੰਮੇ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਜਾਣਕਾਰੀ ਮੁਤਾਬਕ ਮੰਡੀ ਗੋਬਿੰਦਗੜ੍ਹ ਤੋਂ ਸਰੀਆ ਲੈ ਕੇ ਇੱਕ ਟ੍ਰਾਲਾ ਕੱਟੜਾ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਢੰਡਾਰੀ ਜੀਟੀ ਰੋਡ ‘ਤੇ ਪਹੁੰਚਿਆ ਤਾਂ ਸਾਹਮਣੇ ਗਲਤ ਦਿਸ਼ਾ ਤੋਂ ਲੁੱਕ ਨਾਲ ਭਰਿਆ ਟਿੱਪਰ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਕਾਰ ਆਉਣ ਕਾਰਨ ਟਿੱਪਰ ਚਾਲਕ ਨੇ ਅਚਾਨਕ ਕੱਟ ਮਾਰ ਦਿੱਤਾ, ਜਿਸ ਨਾਲ ਦੋਵਾਂ ਭਾਰੀ ਵਾਹਨਾਂ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਟੱਕਰ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟ੍ਰਾਲੇ ਦੀ ਕੰਡਕਟਰ ਸਾਈਡ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਮੌਕੇ ‘ਤੇ ਹਰ ਪਾਸੇ ਖੂਨ ਤੇ ਵਾਹਨਾਂ ਦੇ ਟੁਕੜੇ ਬਿਖਰੇ ਪਏ ਸਨ। ਹਾਦਸੇ ਵਿੱਚ ਟ੍ਰਾਲਾ ਚਾਲਕ ਸੁੱਖਾ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਦੇ ਸਿਰ ‘ਤੇ 20 ਤੋਂ 25 ਟਾਂਕੇ ਲੱਗੇ ਹਨ। ਰਾਹਗੀਰਾਂ ਨੇ ਖੂਨ ਨਾਲ ਲੱਥਪਥ ਹਾਲਤ ਵਿੱਚ ਉਸ ਨੂੰ ਇਲਾਜ ਲਈ ਤੁਰੰਤ ਲੁਧਿਆਣਾ ਦੇ ਡੀਐਮਸੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਟ੍ਰਾਲਾ ਮਾਲਕ ਸੁੰਦਰ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਡਰਾਈਵਰ ਅਤੇ ਕੰਡਕਟਰ ਦਾ ਫੋਨ ਆਇਆ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਡੀਐਮਸੀ ਵਿੱਚ ਦਾਖਲ ਹਨ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਟਰਾਲੇ ਦੀ ਹਾਲਤ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੱਸਿਆ ਕਿ ਮੌਕੇ ਤੇ ਟਰਾਲੇ ਦੀ ਹਾਲਤ ਦੇਖ ਕੇ ਇਹ ਕਹਿਣਾ ਬਹੁਤ ਮੁਸ਼ਕਿਲ ਸੀ ਕਿ ਡਰਾਈਵਰ ਦੀ ਜਾਨ ਬਚ ਗਈ ਹੋਵੇਗੀ, ਪਰ ਚੰਗੀ ਕਿਸਮਤ ਦੇ ਚੱਲਦੇ ਡਰਾਈਵਰ ਮੌਤ ਨੂੰ ਮਾਤ ਦੇ ਗਿਆ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ।