ਲੁਧਿਆਣਾ ਵਿੱਚ ਸਟੰਟਬਾਜ਼ਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਟ੍ਰੈਫਿਕ ਪੁਲਿਸ ਦੀ ਸਖਤੀ

ਲੁਧਿਆਣਾ ’ਚ ਸਟੰਟਬਾਜ਼ਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਟ੍ਰੈਫਿਕ ਪੁਲਿਸ ਦੀ ਸਖ਼ਤੀ
---
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੋ ਰਹੇ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਉਲੰਘਣਾ ਕੁਝ ਨੌਜਵਾਨ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਵੀ ਕਰ ਰਹੇ ਹਨ। ਜਿਨ੍ਹਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਟੰਟ ਕਰਕੇ ਉਨ੍ਹਾਂ ਦੀਆਂ ਰੀਲਾਂ ਬਣਾ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀਆਂ ਜਾ ਰਹੀਆਂ ਹਨ, ਪਰ ਉਨ੍ਹਾਂ ਨੂੰ ਕੀ ਪਤਾ ਕਿ ਉਨ੍ਹਾਂ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਇਨ੍ਹਾਂ ਰੀਲਾਂ ਉੱਪਰ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਵੀ ਪੈਨੀ ਨਜ਼ਰ ਰੱਖੀ ਹੋਈ ਹੈ।
ਲੁਧਿਆਣਾ ਵਿੱਚ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੀ ਦੌੜ ਕੁਝ ਨੌਜਵਾਨਾਂ ਲਈ ਮੁਸੀਬਤ ਬਣ ਗਈ। ਵਾਇਰਲ ਰੀਲਾਂ ਅਤੇ ਲਾਈਕਾਂ ਦੀ ਚਾਹ ਵਿੱਚ ਨੌਜਵਾਨ ਸੜਕਾਂ ‘ਤੇ ਆਪਣੀ ਤੇ ਹੋਰਨਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਰਹੇ ਹਨ। ਸ਼ਹਿਰ ਵਿੱਚ ਖਤਰਨਾਕ ਸਟੰਟ ਕਰਨ ਅਤੇ ਸ਼ਰਾਬ ਦੀਆਂ ਬੋਤਲਾਂ ਨਾਲ ਰੀਲਾਂ ਬਣਾਉਣ ਵਾਲੇ ਨੌਜਵਾਨਾਂ ਖ਼ਿਲਾਫ਼ ਟ੍ਰੈਫਿਕ ਪੁਲਿਸ ਨੇ ਹੁਣ ਸਖ਼ਤ ਰਵੱਈਆ ਅਪਣਾ ਲਿਆ ਹੈ। ਤਾਜ਼ਾ ਕਾਰਵਾਈ ਦੌਰਾਨ ਪੁਲਿਸ ਨੇ ਦੋ ਸਟੰਟਬਾਜ਼ ਬਾਈਕ ਸਵਾਰਾਂ ਅਤੇ ਇਕ ਕਾਰ ਸਵਾਰ ਨੌਜਵਾਨ ਦੇ ਚਲਾਨ ਕੱਟ ਕੇ ਚੇਤਾਵਨੀ ਦਿੱਤੀ ਹੈ ਕਿ ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਰੋਡ ‘ਤੇ ਦੋ ਨੌਜਵਾਨ ਤੇਜ਼ ਰਫ਼ਤਾਰ ਬਾਈਕਾਂ ‘ਤੇ ਖਤਰਨਾਕ ਸਟੰਟ ਕਰਦੇ ਨਜ਼ਰ ਆਏ। ਸੜਕ ‘ਤੇ ਹੋ ਰਹੀ ਇਹ ਸਟੰਟਬਾਜ਼ੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਕੁਝ ਹੀ ਸਮੇਂ ਵਿੱਚ ਵੀਡੀਓ ਵਾਇਰਲ ਹੋ ਗਈ ਅਤੇ ਟ੍ਰੈਫਿਕ ਪੁਲਿਸ ਤੱਕ ਵੀ ਪਹੁੰਚ ਗਈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਟ੍ਰੈਫਿਕ ਵਿਭਾਗ ਤੁਰੰਤ ਹਰਕਤ ਵਿੱਚ ਆ ਗਿਆ। ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਬਾਈਕਾਂ ਦੇ ਰਜਿਸਟ੍ਰੇਸ਼ਨ ਨੰਬਰ ਟ੍ਰੇਸ ਕੀਤੇ ਅਤੇ ਰਜਿਸਟਰਡ ਪਤਿਆਂ ‘ਤੇ ਪਹੁੰਚ ਕੇ ਦੋਵੇਂ ਨੌਜਵਾਨਾਂ ਨੂੰ ਪੁੱਛਗਿੱਛ ਲਈ ਬੁਲਾਇਆ। ਜਾਂਚ ਦੌਰਾਨ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਦੋਵੇਂ ਨੌਜਵਾਨਾਂ ਕੋਲ ਡਰਾਈਵਿੰਗ ਲਾਇਸੈਂਸ ਹੀ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨੇ ਖਤਰਨਾਕ ਡਰਾਈਵਿੰਗ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਬਿਨਾਂ ਲਾਇਸੈਂਸ ਵਾਹਨ ਚਲਾਉਣ ਦੇ ਦੋਸ਼ਾਂ ਹੇਠ ਉਨ੍ਹਾਂ ਦੇ ਚਲਾਨ ਕਰ ਦਿੱਤੇ।
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਇਕ ਨੌਜਵਾਨ ਨੇ ਕਾਰ ਵਿੱਚੋਂ ਉਤਰ ਕੇ ਸ਼ਰਾਬ ਦੀ ਬੋਤਲ ਨਾਲ ਰੀਲ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰ ਦਿੱਤਾ। ਵੀਡੀਓ ਵਿੱਚ ਨੌਜਵਾਨ ਨੂੰ ਸੜਕ ਕਿਨਾਰੇ ਸ਼ਰਾਬ ਦੀ ਬੋਤਲ ਦਿਖਾਉਂਦੇ ਹੋਏ ਸਟਾਈਲ ਮਾਰਦੇ ਦੇਖਿਆ ਗਿਆ, ਜਿਸ ਨੂੰ ਕਈ ਲੋਕਾਂ ਨੇ ਗਲਤ ਕਰਾਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਦੀ ਪਛਾਣ ਕਰਕੇ ਕਾਰਵਾਈ ਕੀਤੀ। ਪੁਲਿਸ ਵੱਲੋਂ ਉਸ ਨੌਜਵਾਨ ਦੀ ਇਕ ਮਾਫ਼ੀ ਮੰਗਣ ਵਾਲੀ ਵੀਡੀਓ ਵੀ ਜਾਰੀ ਕੀਤੀ ਗਈ, ਜਿਸ ਵਿੱਚ ਉਹ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਅਜਿਹੀਆਂ ਗਲਤੀਆਂ ਨਾ ਦੁਹਰਾਉਣ ਦੀ ਅਪੀਲ ਕਰਦਾ ਨਜ਼ਰ ਆਇਆ।
---
ਸੜਕਾਂ ਲੋਕਾਂ ਦੀ ਸੁਰੱਖਿਆ ਲਈ ਹਨ, ਸਟੰਟਬਾਜ਼ੀ ਲਈ ਨਹੀਂ : ਦੀਪਕ ਸ਼ਰਮਾ
ਟ੍ਰੈਫਿਕ ਪੁਲਿਸ ਦੇ ਜ਼ੋਨ ਇੰਚਾਰਜ ਦੀਪਕ ਸ਼ਰਮਾ ਨੇ ਕਿਹਾ ਕਿ ਸੜਕਾਂ ਲੋਕਾਂ ਦੀ ਸੁਰੱਖਿਆ ਲਈ ਬਣੀਆਂ ਹਨ, ਨਾ ਕਿ ਸਟੰਟਬਾਜ਼ੀ ਜਾਂ ਸ਼ੋਹਰਤ ਹਾਸਲ ਕਰਨ ਲਈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੀ ਹੋੜ ਵਿੱਚ ਕਈ ਨੌਜਵਾਨ ਆਪਣੀ ਅਤੇ ਹੋਰਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਰੀਲ ਜਾਂ ਵੀਡੀਓ ਪੋਸਟ ਕਰੇਗਾ, ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।