ਏਆਈ ਕੈਮਰਿਆਂ ਦੇ ਦਾਅਵਿਆਂ ਵਿਚਕਾਰ ਸਮਰਾਲਾ ਚੌਂਕ ਦੀਆਂ ਬੰਦ ਟਰੈਫਿਕ ਲਾਈਟਾਂ ਨੇ ਖੜੇ ਕੀਤੇ ਸਵਾਲ

-ਨੈਸ਼ਨਲ ਹਾਈਵੇ ਨਾਲ ਜੁੜੇ ਪ੍ਰਮੁੱਖ ਚੌਕ ’ਤੇ ਨਾ ਜੈਬਰਾ ਕ੍ਰਾਸਿੰਗ, ਨਾ ਚੱਲਦੀਆਂ ਸਿਗਨਲ ਲਾਈਟਾਂ; ਰਾਹਗੀਰਾਂ ਦੀ ਸੁਰੱਖਿਆ ਰੱਬ ਆਸਰੇ
-ਏਆਈ ਕੈਮਰਿਆਂ ਦੇ ਦਾਅਵਿਆਂ ਵਿਚਕਾਰ ਸਮਰਾਲਾ ਚੌਂਕ ਦੀਆਂ ਬੰਦ ਟਰੈਫਿਕ ਲਾਈਟਾਂ ਨੇ ਖੜੇ ਕੀਤੇ ਸਵਾਲ
---
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਬੀਤੇ ਦਿਨੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਲੁਧਿਆਣਾ ਪੁਲਿਸ ਲਾਈਨਜ਼ ਵਿਖੇ ਏਆਈ ਤਕਨੀਕ ਨਾਲ ਲੈਸ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ, ਜਿਸ ਦਾ ਉਦੇਸ਼ ਹਾਈਟੈਕ ਕੈਮਰਿਆਂ ਰਾਹੀਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ‘ਤੇ ਨਕੇਲ ਕੱਸਣਾ ਹੈ ਪਰ ਦੂਜੇ ਪਾਸੇ ਸ਼ਹਿਰ ਦੇ ਸਭ ਤੋਂ ਵਿਆਸਤ ਅਤੇ ਮਹੱਤਵਪੂਰਨ ਸਮਰਾਲਾ ਚੌਂਕ ਦੀਆਂ ਪਿਛਲੇ ਕਈ ਸਾਲਾਂ ਤੋਂ ਬੰਦ ਪਈਆਂ ਟਰੈਫਿਕ ਲਾਈਟਾਂ ਇਸ ਪੂਰੀ ਪ੍ਰਣਾਲੀ ‘ਤੇ ਵੱਡੇ ਸਵਾਲ ਖੜੇ ਕਰ ਰਹੀਆਂ ਹਨ।
ਸਮਰਾਲਾ ਚੌਂਕ ਲੁਧਿਆਣਾ ਦਾ ਇੱਕ ਅਹਿਮ ਟਰੈਫਿਕ ਪੁਆਇੰਟ ਹੈ, ਜੋ ਜੰਮੂ-ਦਿੱਲੀ ਨੈਸ਼ਨਲ ਹਾਈਵੇ ਦੇ ਨਾਲ-ਨਾਲ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵੱਲ ਜਾਂਦੇ ਰੂਟਾਂ ਨੂੰ ਵੀ ਜੋੜਦਾ ਹੈ। ਇਸ ਚੌਂਕ ਰਾਹੀਂ ਰੋਜ਼ਾਨਾ ਹਜ਼ਾਰਾਂ ਵਾਹਨ ਅਤੇ ਚਾਰ ਸੂਬਿਆਂ ਦਾ ਟਰੈਫਿਕ ਗੁਜ਼ਰਦਾ ਹੈ। ਇਸ ਦੇ ਬਾਵਜੂਦ ਚੌਂਕ ‘ਤੇ ਟਰੈਫਿਕ ਸਿਗਨਲ ਲਾਈਟਾਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ, ਜਿਸ ਕਾਰਨ ਇਹ ਚੌਂਕ ਹਾਦਸਿਆਂ ਦੇ ਖ਼ਤਰੇ ਵਿਚਕਾਰ ਰੱਬ ਆਸਰੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਮਰਾਲਾ ਚੌਂਕ ‘ਤੇ ਸਥਿਤ ਬੱਸ ਸਟਾਪ ਕਾਰਨ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਇੱਥੇ ਵੱਡੀ ਗਿਣਤੀ ਵਿੱਚ ਸਵਾਰੀਆਂ ਨੂੰ ਉਤਾਰਦੀਆਂ ਅਤੇ ਚੜ੍ਹਾਉਂਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਭਾਰੀ ਆਵਾਜਾਈ ਦੇ ਬਾਵਜੂਦ ਪੈਦਲ ਰਾਹਗੀਰਾਂ ਲਈ ਇੱਥੇ ਜੈਬਰਾ ਕ੍ਰਾਸਿੰਗ ਜਾਂ ਹੋਰ ਸੁਰੱਖਿਆ ਪ੍ਰਬੰਧ ਮੌਜੂਦ ਨਹੀਂ ਹਨ। ਟਰੈਫਿਕ ਲਾਈਟਾਂ ਬੰਦ ਹੋਣ ਕਾਰਨ ਵਾਹਨ ਆਪਣੀ ਮਨਮਰਜ਼ੀ ਨਾਲ ਚੌਂਕ ਪਾਰ ਕਰਦੇ ਹਨ, ਜਿਸ ਨਾਲ ਸੜਕ ਪਾਰ ਕਰਨ ਵਾਲੇ ਲੋਕਾਂ, ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਲਈ ਹਮੇਸ਼ਾ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮੌਕੇ ‘ਤੇ ਮੌਜੂਦ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਦੋਂ ਟਰੈਫਿਕ ਲਾਈਟਾਂ ਹੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਤਾਂ ਏਆਈ ਆਧਾਰਿਤ ਕੈਮਰੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਈ-ਚਲਾਨ ਕਿਵੇਂ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਣਗੇ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜ਼ਰੂਰੀ ਹੈ, ਉੱਥੇ ਸੜਕਾਂ ਦੇ ਬੁਨਿਆਦੀ ਢਾਂਚੇ, ਚੱਲਦੀਆਂ ਸਿਗਨਲ ਲਾਈਟਾਂ, ਜੈਬਰਾ ਕ੍ਰਾਸਿੰਗਾਂ ਅਤੇ ਪੈਦਲ ਸਹੂਲਤਾਂ ਨੂੰ ਸੁਧਾਰਨਾ ਵੀ ਉਤਨਾ ਹੀ ਲਾਜ਼ਮੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਦ ਤੱਕ ਟਰੈਫਿਕ ਪ੍ਰਬੰਧਨ ਨਾਲ ਜੁੜੀਆਂ ਬੁਨਿਆਦੀ ਖਾਮੀਆਂ ਦੂਰ ਨਹੀਂ ਕੀਤੀਆਂ ਜਾਂਦੀਆਂ, ਤਦ ਤੱਕ ਸਿਰਫ਼ ਹਾਈਟੈਕ ਕੈਮਰਿਆਂ ਅਤੇ ਈ-ਚਲਾਨਾਂ ਦੇ ਸਹਾਰੇ ਸੜਕ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਨਹੀਂ ਬਣਾਇਆ ਜਾ ਸਕਦਾ।
ਦੱਸ ਦਈਏ ਕਿ ਲੁਧਿਆਣਾ ਚ ਟਰੈਫਿਕ ਪ੍ਰਬੰਧਨ ਨੂੰ ਹਾਈਟੈਕ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਏਆਈ ਆਧਾਰਿਤ ਕੈਮਰੇ ਅਤੇ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਸ਼ਹਿਰ ਦੇ 46 ਪ੍ਰਮੁੱਖ ਚੌਰਾਹਿਆਂ ਅਤੇ ਰੂਟਾਂ ‘ਤੇ ਸਮਾਰਟ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਸਮਰਾਲਾ ਚੌਂਕ, ਜਲੰਧਰ ਬਾਈਪਾਸ, ਚੰਡੀਗੜ੍ਹ ਰੋਡ, ਫਿਰੋਜ਼ਪੁਰ ਰੋਡ, ਘੰਟਾ ਘਰ ਚੌਂਕ, ਭਾਈ ਬਾਲਾ ਚੌਂਕ, ਦੁੱਗਰੀ ਰੋਡ ਅਤੇ ਸ਼ੇਰਪੁਰ ਚੌਂਕ ਵਰਗੇ ਮਹੱਤਵਪੂਰਨ ਟਰੈਫਿਕ ਪੁਆਇੰਟ ਸ਼ਾਮਲ ਹਨ। ਇਨ੍ਹਾਂ ਕੈਮਰਿਆਂ ਰਾਹੀਂ ਬਿਨਾਂ ਹੈਲਮੈਟ, ਰੈੱਡ ਲਾਈਟ ਜੰਪ, ਟ੍ਰਿਪਲ ਰਾਈਡਿੰਗ ਅਤੇ ਗਲਤ ਸਾਈਡ ਵਾਹਨ ਚਲਾਉਣ ਵਰਗੀਆਂ ਉਲੰਘਣਾਵਾਂ ਦੀ ਪਛਾਣ ਕਰਕੇ ਈ-ਚਲਾਨ ਜਾਰੀ ਕੀਤੇ ਜਾ ਰਹੇ ਹਨ।
---
ਡਿਜੀਟਲ ਕਾਊਂਟਡਾਊਨ ਪ੍ਰਣਾਲੀ ਦੀ ਸਮੀਖਿਆ ਕੀਤੀ ਜਾ ਰਹੀ : ਏਸੀਪੀ ਟ੍ਰੈਫਿਕ
ਇਸ ਸਬੰਧੀ ਏਸੀਪੀ ਟਰੈਫਿਕ ਜਤਿਨ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਸਮਰਾਲਾ ਚੌਂਕ ਦੀ ਟਰੈਫਿਕ ਨੂੰ ਨਿਰਵਿਘਨ ਰੱਖਣ ਲਈ ਸਮਰਾਲਾ ਚੌਂਕ ਚ ਲੱਗੀਆਂ ਸਾਰੀਆਂ ਟਰੈਫਿਕ ਲਾਈਟਾਂ ਦੀ ਇਕ ਦੂਸਰੇ ਦੇ ਤਾਲਮੇਲ ਲਈ ਡਿਜੀਟਲ ਕਾਊਂਟਡਾਊਨ ਪ੍ਰਣਾਲੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਫ਼ਿਲਹਾਲ ਸਮਰਾਲਾ ਚੌਂਕ ਦੀਆਂ ਟਰੈਫਿਕ ਲਾਈਟਾਂ ਬੰਦ ਰਹਿਣਗੀਆਂ ਸਮੱਸਿਆ ਦੇ ਹੱਲ ਤੋਂ ਬਾਅਦ ਉਕਤ ਟਰੈਫਿਕ ਲਾਈਟਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।