ਅੱਜ ਕੈਮਿਸਟ ਬਾਂਹਾਂ ‘ਤੇ ਕਾਲੀ ਪੱਟੀ ਬੰਨ੍ਹ ਕੇ ਦਵਾਈਆਂ ਦੀ ਕਰਨਗੇ ਵਿਕਰੀ
ਅੱਜ ਕੈਮਿਸਟ ਆਪਣੀਆਂ ਬਾਂਹਾਂ ‘ਤੇ ਕਾਲੀ ਪੱਟੀ ਬੰਨ੍ਹ ਕੇ ਦਵਾਈਆਂ ਦੀ ਵਿਕਰੀ ਕਰਨਗੇ
Publish Date: Mon, 18 May 2026 07:36 PM (IST)
Updated Date: Tue, 19 May 2026 04:10 AM (IST)

ਰਾਏਕੋਟ ਸੰਗਠਨ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਭਲਕੇ ਕੀਤੀ ਜਾਣ ਵਾਲੀ ਕੈਮਿਸਟਾਂ ਦੀ ਹੜਤਾਲ ਸ਼ਾਂਤੀਪੂਰਵਕ ਢੰਗ ਨਾਲ ਕੀਤੀ ਜਾਵੇਗੀ ਸੰਪੰਨ : ਕ੍ਰਿਸ਼ਨ ਖੁਰਾਣਾ ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : 20 ਮਈ ਬੁੱਧਵਾਰ ਨੂੰ ਕੈਮਿਸਟਾਂ ਵੱਲੋਂ ਕੀਤੀ ਜਾਣ ਵਾਲੀ ਹੜਤਾਲ ਨੂੰ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਏਕੋਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ ਖੁਰਾਣਾ ਨੇ ਦੱਸਿਆ ਕਿ ‘ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ’ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੁਧਿਆਣਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ 20 ਤਰੀਕ ਨੂੰ ਕੈਮਿਸਟ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬੰਦ ਮੁੱਖ ਤੌਰ ‘ਤੇ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਬਲਦੇਵ ਕ੍ਰਿਸ਼ਨ ਖੁਰਾਣਾ ਨੇ ਮੀਡੀਆ ਰਾਹੀਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਆਨਲਾਈਨ ਵਿਕਣ ਵਾਲੀਆਂ ਦਵਾਈਆਂ ਦੀ ਸ਼ੁੱਧਤਾ ਅਤੇ ਅਸਲੀ ਹੋਣ ਦੀ ਕੋਈ ਗਾਰੰਟੀ ਨਹੀਂ ਹੁੰਦੀ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਕੈਮਿਸਟ ਦੀ ਦੁਕਾਨ ਚਲਾਉਣ ਲਈ ਪ੍ਰੋਪਰ ਲਾਇਸੈਂਸ ਲੈਣਾ ਲਾਜ਼ਮੀ ਹੁੰਦਾ ਹੈ ਅਤੇ ਉੱਥੇ ਡੀ-ਫਾਰਮੇਸੀ ਧਾਰਕ ਫਾਰਮਾਸਿਸਟ ਦੀ ਮੌਜੂਦਗੀ ਵੀ ਜ਼ਰੂਰੀ ਹੁੰਦੀ ਹੈ। ਇਸ ਤੋਂ ਇਲਾਵਾ ਦੁਕਾਨ ਦਾ ਤਾਪਮਾਨ ਅਤੇ ਹੋਰ ਕਈ ਮਾਪਦੰਡ ਡਰੱਗ ਵਿਭਾਗ ਵੱਲੋਂ ਨਿਰਧਾਰਤ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਅਧੀਨ ਰਹਿ ਕੇ ਹੀ ਦਵਾਈਆਂ ਦੀ ਵਿਕਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡਰੱਗ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਚੈਕਿੰਗ ਵੀ ਕੀਤੀ ਜਾਂਦੀ ਹੈ, ਪਰ ਆਨਲਾਈਨ ਦਵਾਈਆਂ ਕਿੱਥੋਂ ਖ਼ਰੀਦੀਆਂ ਜਾਂਦੀਆਂ ਹਨ ਅਤੇ ਕਿਸ ਤਾਪਮਾਨ ‘ਤੇ ਰੱਖੀਆਂ ਜਾਂਦੀਆਂ ਹਨ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਮਾਧਿਅਮ ਰਾਹੀਂ ਕਈ ਲੋਕ ਬਿਨਾਂ ਡਾਕਟਰੀ ਪਰਚੀ ਤੋਂ ਨਸ਼ੀਲੀਆਂ ਦਵਾਈਆਂ ਮੰਗਵਾ ਰਹੇ ਹਨ, ਜੋ ਪੰਜਾਬ ਵਿੱਚ ਨਸ਼ੇ ਨੂੰ ਰੋਕਣ ਦੀ ਮੁਹਿੰਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ ਤੇ ਹਸਪਤਾਲਾਂ ਵਿੱਚ ਮੌਜੂਦ ਡਰੱਗ ਸਟੋਰ ਖੁੱਲ੍ਹੇ ਰਹਿਣਗੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਦਾ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਯੂਨੀਅਨ ਦੇ ਅਹੁਦੇਦਾਰਾਂ ਨੇ ਇਹ ਵੀ ਕਿਹਾ ਕਿ 19 ਮਈ ਤੱਕ ਕੈਮਿਸਟ ਆਪਣੀਆਂ ਬਾਂਹਾਂ ‘ਤੇ ਕਾਲੀ ਪੱਟੀ ਬੰਨ੍ਹ ਕੇ ਦਵਾਈਆਂ ਦੀ ਵਿਕਰੀ ਕਰਨਗੇ। ਇਸ ਮੌਕੇ ਪ੍ਰਧਾਨ ਬਲਦੇਵ ਕ੍ਰਿਸ਼ਨ ਖੁਰਾਣਾ, ਸਕੱਤਰ ਸੰਜੀਵ ਨਾਰੰਗ, ਖਜ਼ਾਨਚੀ ਭੂਪੇਂਦਰ ਗੋਇਲ ਅਤੇ ਸੁਰਜੀਤ ਸਿੰਘ ਹਾਜ਼ਰ ਸਨ।