ਗੁਰਬਾਣੀ ਦਾ ਅਭਿਆਸ ਹਰ ਗੁਰਸਿੱਖ ਦੇ ਜੀਵਨ ਲਈ ਸਹਾਈ : ਬਿੰਦਰਾ
ਜੱਪ ਤੱਪ ਚੌਪਹਿਰਾ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ
Publish Date: Thu, 14 May 2026 09:13 PM (IST)
Updated Date: Fri, 15 May 2026 04:16 AM (IST)

ਜੱਪ ਤੱਪ ਚੌਪਹਿਰਾ ਸਮਾਗਮ ’ਚ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ --- ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਪ੍ਰਬੰਧਕਾਂ ਵੱਲੋਂ ਜੱਪਤੱਪ ਚੌਪਹਿਰਾ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਇਸ ਪਵਿੱਤਰ ਸਮਾਗਮ ਦੌਰਾਨ ਸੰਗਤਾਂ ਵੱਲੋਂ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ‘ਸਤਿਨਾਮ ਸ੍ਰੀ ਵਾਹਿਗੁਰੂ’ ਜੀ ਦਾ ਜਾਪ ਕਰਕੇ ਗੁਰਬਾਣੀ ਨਾਲ ਜੁੜਨ ਦਾ ਸੁਭਾਗਾਂ ਸਮਾਂ ਪ੍ਰਾਪਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੱਪ ਤੱਪ ਚੌਪਹਿਰਾ ਸਮਾਗਮ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕੀ ਜੋ ਵੀ ਇਨਸਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਥਾਨ ਤੇ ਆਕੇ ਸੱਚੇ ਦਿਲੋਂ ਕੋਈ ਅਰਦਾਸ ਕਰਦਾ ਹੈ ਬਾਬਾ ਜੀ ਉਸ ਦੀ ਅਰਦਾਸ ਕਬੂਲ ਕਰਦੇ ਹੋਏ ਉਸ ਦੀਆਂ ਸਾਰੀਆਂ ਮਨੋਕਾਮਾਨਾਵਾਂ ਪੂਰੀਆਂ ਕਰਦੇ ਹਨ। ਇਸ ਮੌਕੇ ਨਰਿੰਦਰ ਸਿੰਘ ਉੱਭੀ ਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਦੀ ਕ੍ਰਿਪਾ ਨਾਲ ਸਾਡੇ ਪਰਿਵਾਰ ਦੇ ਬਹੁਤ ਸਾਰੇ ਦੁਨਿਆਵੀ ਕਾਰਜ ਤਾਂ ਪੂਰਨ ਹੀ ਹੋਏ ਹਨ, ਉਸ ਦੇ ਨਾਲ ਨਾਲ ਸਾਨੂੰ ਸੰਗਤ ਰੂਪੀ ਸੰਗਤ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ। ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਜੱਪ ਤੱਪ ਚੌਪਹਿਰਾ ਸਮਾਗਮ ਵਿੱਚ ਹਾਜ਼ਰੀ ਲਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅਸਥਾਨ ਤੇ ਆ ਕੇ ਜੋ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਮਾਗਮ ਦੌਰਾਨ ਸੰਗਤਾਂ ਨੂੰ ਗੁਰੂ ਕਾ ਲੰਗਰ ਅਤਿ ਪ੍ਰੇਮ ਨਾਲ ਵਰਤਾਇਆ ਗਿਆ। ਇਸ ਮੌਕੇ ਤੇ ਅਮਰਜੀਤ ਸਿੰਘ ਟਿੱਕਾ, ਸੁਖਵਿੰਦਰਪਾਲ ਸਿੰਘ ਲਾਲੀ, ਨਵਪ੍ਰੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਰਾਜਧਾਨੀ , ਜਸਵਿੰਦਰ ਸਿੰਘ ਸੇਠੀ, ਅਮਰਪਾਲ ਸਿੰਘ ਸਰਨਾ, ਹਰਵਿੰਦਰਪਾਲ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ।