ਜਗਰਾਓਂ ਦੇ 100 ਉਮੀਦਵਾਰਾਂ ਦੀ ਬੈਲਟ ਬਕਸਿਆਂ ’ਚ ਬੰਦ ਕਿਸਮਤ ਅੱਜ ਖੁੱਲ੍ਹੇਗੀ
ਪੱਕੀ ਜਿੱਤ ਦਾ ਜਜ਼ਬਾ ਰੱਖਣ ਵਾਲਿਆਂ ਨੇ ਬੁੱਕ ਕਰਵਾਏ ਕੁਇੰਟਲਾਂ ’ਚ ‘ਲੱਡੂ’
Publish Date: Thu, 28 May 2026 06:26 PM (IST)
Updated Date: Fri, 29 May 2026 04:11 AM (IST)

-01 ਜਗਰਾਓਂ ਦੇ ਹਲਵਾਈ ਦੀ ਦੁਕਾਨ ’ਤੇ ਲੱਡੂ ਅਤੇ ਗੁਲਾਬ ਜਾਮਨਾਂ ਤਿਆਰ ਕਰਦਾ ਕਾਰੀਗਰ। ਤਸਵੀਰ: ਵਿਕਾਸ ਵਿੱਕੀ। - ਚਾਰ ਰਾਊਂਡ ’ਚ ਹੋਵੇਗੀ ਵੋਟਾਂ ਦੀ ਗਿਣਤੀ, ਹਰ ਰਾਊਂਡ ’ਚ 14 ਟੇਬਲ ਲਾਏ ਗਏ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਨਗਰ ਕੌਂਸਲ ਚੋਣਾਂ ਲਈ ਬੈਲਟ ਬਕਸਿਆਂ ’ਚ ਬੰਦ 100 ਉਮੀਦਵਾਰਾਂ ਦੀ ਕਿਸਮਤ ਅੱਜ ਖੁੱਲ੍ਹੇਗੀ। ਚੋਣ ਅਮਲੇ ਵੱਲੋਂ ਜਗਰਾਓਂ ਦੇ 23 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ 29 ਮਈ ਨੂੰ ਸਥਾਨਕ ਲਾਜਪਤ ਰਾਏ ਡੀਏਵੀ ਕਾਲਜ ਵਿਖੇ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਸਵੇਰੇ 7:30 ਵਜੇ ਡੀਏਵੀ ਕਾਲਜ ਵਿਖੇ ਸੱਦ ਲਿਆ ਗਿਆ ਹੈ ਤਾਂ ਕਿ ਉਨ੍ਹਾਂ ਦੀ ਹਾਜ਼ਰੀ ’ਚ ਬੈਲਟ ਬਕਸਿਆਂ ਵਾਲਾ ਸਟਰਾਂਗ ਰੂਮ ਖੋਲਿ੍ਹਆ ਜਾ ਸਕੇ। ਜਗਰਾਓਂ ਦੇ ਰਿਟਰਨਿੰਗ ਅਫਸਰ ਰਵੀ ਚੋਪੜਾ ਨੇ ਦੱਸਿਆ ਕਿ ਜਗਰਾਓਂ ’ਚ ਅੱਜ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 23 ਵਾਰਡਾਂ ਦੇ 100 ਉਮੀਦਵਾਰਾਂ ਅਤੇ ਉਨ੍ਹਾਂ ਦੇ ਇੱਕ-ਇੱਕ ਸਾਥੀ ਨੂੰ ਗਿਣਤੀ ਸਮੇਂ ਕਾਊਂਟਿੰਗ ਹਾਲ ਵਿਚ ਦਾਖ਼ਲ ਹੋਣ ਲਈ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 4 ਰਾਊਂਡ ਵਿਚ ਹੋਵੇਗੀ। ਹਰ ਰਾਊਂਡ ’ਚ 14 ਟੇਬਲ ਲਗਾਏ ਗਏ ਹਨ। ‘ਆਪਣੀ ਜਿੱਤ ਪੱਕੀ ਤੂੰ ਬਣਾ 3 ਕੁਇੰਟਲ ਲੱਡੂ’ ਜਗਰਾਓਂ ਨਗਰ ਕੌਂਸਲ ਚੋਣਾਂ ਲਈ ਡਟੇ ਕਈ ਪੁਰਾਣੇ ਦਿੱਗਜ਼ ਉਮੀਦਵਾਰਾਂ ਨੂੰ ਇਸ ਵਾਰ ਜਿੱਤ ਨੂੰ ਲੈ ਕੇ ਵਕਤ ਪਿਆ ਹੋਇਆ ਹੈ, ਉਥੇ ਕਈ ਉਮੀਦਵਾਰ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਹੌਸਲੇ ’ਚ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਦੀ ਜਿੱਤ ਪੱਕੀ ਹੈ। ਇਸੇ ਦ੍ਰਿੜ ਇਰਾਦੇ ਵਾਲੇ ਇਕ ਉਮੀਦਵਾਰ ਵੱਲੋਂ ਬਕਾਇਦਾ ਜਿੱਤ ਦੀ ਖ਼ਬਰ ਆਉਣ ’ਤੇ 3 ਕੁਇੰਟਲ ਲੱਡੂ ਵੰਡਣ ਲਈ ਲੱਡੂ ਬਣਾਉਣ ਦਾ ਬਕਾਇਦਾ ਹਲਵਾਈ ਨੂੰ ਆਰਡਰ ਦੇ ਦਿੱਤਾ ਹੈ। ਇਸੇ ਤਰ੍ਹਾਂ ਕਈਆਂ ਹੋਰਾਂ ਨੂੰ ਵੀ ਜਿੱਤ ਦਾ ਪੂਰਾ ਵਿਸ਼ਵਾਸ਼ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਜਿੱਤ ਤੋਂ ਬਾਅਦ ਜੇਤੂ ਜਲੂਸ ਤੋਂ ਲੈ ਕੇ ਜਿੱਤ ਦੀ ਖੁਸ਼ੀ ਸਾਂਝੀ ਕਰਨ ਲਈ ਸਾਰਾ ਪਲਾਨ ਤਿਆਰ ਕਰ ਲਿਆ ਗਿਆ ਹੈ। ਹਾਲਾਂਕਿ ਜਿੱਤ-ਹਾਰ ਦਾ ਫੈਸਲਾ ਵੋਟਾਂ ਦੀ ਗਿਣਤੀ ਮੁਕੰਮਲ ਹੋਣ ’ਤੇ ਹੀ ਹੋਣਾ ਹੈ ਪਰ ਜਿੰਨ੍ਹਾਂ ਨੇ ਜਿੱਤ ਪੱਕੀ ਸਮਝਦਿਆਂ ਜਸ਼ਨ ਦੀ ਤਿਆਰੀ ਕਰ ਲਈ ਹੈ, ਨੂੰ ਹਾਰ ਮਿਲੀ ਤਾਂ ਉਸ ਦੇ ਸੁਪਨੇ ਚਕਨਾਚੂਰ ਹੋ ਜਾਣਗੇ। ਅਜਿਹਾ ਹੀ ਵੋਟਰਾਂ ਅਤੇ ਸਮਰਥਕਾਂ ਵਿਚ ਵੀ ਵੱਖਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਆਪਣੇ-ਆਪਣੇ ਉਮੀਦਵਾਰ ਦੀ ਜਿੱਤ ਨੂੰ ਲੈ ਕੇ ਸਮਰਥਕਾਂ ਵਿਚ ਸ਼ਰਤਾਂ ਵੀ ਲੱਗ ਗਈਆਂ ਹਨ।