ਦਵਾਈਆਂ ਦੇ ਕਾਰੋਬਾਰੀ ਦੇ ਬੰਦ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਦਵਾਈਆਂ ਦੇ ਕਾਰੋਬਾਰੀ ਦੇ ਬੰਦ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Publish Date: Sat, 18 Apr 2026 06:15 PM (IST)
Updated Date: Sat, 18 Apr 2026 06:18 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਦਵਾਈਆਂ ਦੇ ਕਾਰੋਬਾਰੀ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਅੰਦਰੋਂ 35 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਸਾਮਾਨ ਤੇ ਹੱਥ ਸਾਫ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਬਸੰਤ ਸਿਟੀ ਐਕਸਟੈਂਸ਼ਨ ਦੇ ਰਹਿਣ ਵਾਲੇ ਕਾਰੋਬਾਰੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਬਦਮਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਹੱਲ ਕਰ ਲਿਆ ਜਾਵੇਗਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲੋਂ ਉਹਨਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ। ਤਕਰੀਬਨ ਦੋ ਮਹੀਨੇ ਪਹਿਲੋਂ ਉਹ ਭਾਰਤ ਨਗਰ ਚੌਕ ਵਾਲਾ ਆਪਣਾ ਘਰ ਬੰਦ ਕਰਕੇ ਬਸੰਤ ਸਿਟੀ ਐਕਸਟੈਂਸ਼ਨ ਵਾਲੇ ਘਰ ਵਿਚ ਸ਼ਿਫਟ ਹੋ ਗਏ ਸਨ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਪਿਆ ਹੋਇਆ ਸੀ। ਉਹ ਪੁਰਾਣੇ ਘਰ ਵਿਚ ਅਕਸਰ ਗੇੜਾ ਰੱਖਦੇ ਸਨ। ਬੀਤੇ ਦਿਨ ਹਰਪ੍ਰੀਤ ਸਿੰਘ ਜਦ ਘਰ ਦੇ ਅੰਦਰ ਦਾਖਲ ਹੋਏ, ਤਾਂ ਸਾਮਾਨ ਖਿਲਰਿਆ ਦੇਖ ਉਹਨਾਂ ਦੇ ਹੋ ਸੁੱਟ ਗਏ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਕਰਨ ਤੇ ਪਤਾ ਲੱਗਾ ਕਿ ਚੋਰ ਪੌੜੀਆਂ ਦੇ ਰਸਤੇ ਤੋਂ ਘਰ ਅੰਦਰ ਦਾਖਲ ਹੋਏ ਸਨ। ਬਦਮਾਸ਼ਾਂ ਨੇ ਅਲਮਾਰੀਆਂ ਦੇ ਤਾਲੇ ਤੋੜ ਕੇ ਤਕਰੀਬਨ 18 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ਵਿਚ ਛਤਰ, ਮੰਗਲ ਸੂਤਰ, ਲੇਡੀਜ ਸੈਟ, ਕੰਨਾਂ ਦੀਆਂ ਵਾਲੀਆਂ ਅਤੇ ਕੜੇ ਚੋਰੀ ਕਰ ਲਏ। ਮੁਲਜਮ ਘਰ ’ਚੋਂ ਚਾਂਦੀ ਦੇ ਗਿਲਾਸ ਅਤੇ 12 ਸਿੱਕੇ, ਬੈਂਕ ਆਫ ਇੰਡੀਆ ਦੇ ਲੋਕਰ ਦੀਆਂ ਚਾਬੀਆਂ ਵੀ ਲੈ ਗਏ। ਦਵਾਈਆਂ ਦੇ ਕਾਰੋਬਾਰੀ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ 35 ਲੱਖ ਰੁਪਏ ਦੇ ਕਰੀਬ ਬਣਦੀ ਹੈ। ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦੀ ਹੀ ਬਦਮਾਸ਼ਾਂ ਨੂੰ ਲੱਭ ਲਵੇਗੀ।