ਚੋਰ ਨੇ ਹੌਂਡਾ ਕੰਪਨੀ ਦੇ ਮੈਨੇਜਰ ਦੇ ਘਰ ਨੂੰ ਬਣਾਇਆ ਨਿਸ਼ਾਨਾ
ਚੋਰ ਨੇ ਬਣਾਇਆ ਹੋਂਡਾ ਕੰਪਨੀ ਦੇ ਮੈਨੇਜਰ ਦੇ ਘਰ ਨੂੰ ਨਿਸ਼ਾਨਾ
Publish Date: Mon, 11 May 2026 09:07 PM (IST)
Updated Date: Tue, 12 May 2026 04:13 AM (IST)
-ਅਲਮਾਰੀਆਂ ਵਿੱਚ ਪਈ 3 ਲੱਖ ਰੁਪਏ ਦੀ ਨਕਦੀ ਅਤੇ 22 ਤੋਲੇ ਸੋਨੇ ਦੇ ਗਹਿਣਾ ’ਤੇ ਕੀਤਾ ਹੱਥ ਸਾਫ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਪਰਿਵਾਰ ਦੀ ਮੌਜੂਦਗੀ ਵਿੱਚ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਸ਼ਾਤਰ ਚੋਰ ਨੇ 3 ਲੱਖ ਰੁਪਏ ਦੀ ਨਕਦੀ ਅਤੇ 22 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਸ਼ਾਤਰ ਚੋਰ ਬੜੀ ਹੀ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਖਬਰ ਜਿਵੇਂ ਹੀ ਪੁਲਿਸ ਨੂੰ ਮਿਲੀ ਤਾਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਪੱਖੋਵਾਲ ਰੋਡ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਰਜਿੰਦਰ ਸ਼ਰਮਾ ਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਸੁਨੇਤ ਦੇ ਰਹਿਣ ਵਾਲੇ ਰਣਜੀਤ ਸਿੰਘ ਵਜੋਂ ਹੋਈ ਹੈ। ਥਾਣਾ ਦੁਗਰੀ ਦੀ ਪੁਲਿਸ ਮੁਲਜ਼ਮ ਕੋਲੋਂ ਲਗਾਤਾਰ ਪੁੱਛ ਗਿਛ ਕਰਨ ਵਿੱਚ ਜੁਟੀ ਹੋਈ ਹੈ।
ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਰੋਡ ਤੇ ਪੈਂਦੀ ਸਰਵਪਰੀਆ ਹੌਂਡਾ ਕੰਪਨੀ ਦੇ ਮੈਨੇਜਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਵੇਲੇ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਕਰਨੈਲ ਸਿੰਘ ਨਗਰ ਦੀ ਗਲੀ ਨੰਬਰ 14 ਵਿੱਚ ਪੈਂਦੇ ਆਪਣੇ ਘਰ ਵਿੱਚ ਮੌਜੂਦ ਸਨ। ਕੁਝ ਸਮੇਂ ਬਾਅਦ ਜਦ ਉਹ ਘਰ ਦੇ ਅੰਦਰ ਵਾਲੇ ਕਮਰਿਆਂ ਵਿੱਚ ਦਾਖਲ ਹੋਏ ਤਾਂ ਅਲਮਾਰੀਆਂ ਖੁੱਲੀਆਂ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਜਾਂਚ ਕਰਨ ਤੇ ਪਤਾ ਲੱਗਿਆ ਕਿ ਘਰ ਚੋਂ 3 ਲੱਖ ਰੁਪਏ ਦੀ ਰਕਮ ਅਤੇ 22 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਰਜਿੰਦਰ ਸ਼ਰਮਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਥਾਣਾ ਦੁਗਰੀ ਦੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ।
----
ਸੀਸੀਟੀਵੀ ’ਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ
ਰਜਿੰਦਰ ਸ਼ਰਮਾ ਨੇ ਜਦ ਘਰ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਤੇ ਝਾਤੀ ਮਾਰੀ ਤਾਂ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ ਹੋ ਗਿਆ। ਰਜਿੰਦਰ ਸ਼ਰਮਾ ਨੇ ਦੱਸਿਆ ਕਿ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਇਆ ਮੁਲਜ਼ਮ ਪੌੜੀਆਂ ਦੇ ਰਸਤੇ ਘਰ ਦੇ ਉੱਪਰ ਵਾਲੇ ਪੋਰਸ਼ਨ ਤੇ ਚਲਾ ਗਿਆ। ਸੀਸੀਟੀਵੀ ਕੈਮਰਿਆਂ ਵਿੱਚ ਮੁਲਜ਼ਮ ਦੀ ਸਾਰੀ ਕਰਤੂਤ ਕੈਦ ਹੋ ਚੁੱਕੀ ਹੈ।
---
ਨਾਕਾਬੰਦੀ ਦੇ ਦੌਰਾਨ ਮੁਲਜ਼ਮ ਕੀਤਾ ਗ੍ਰਿਫ਼ਤਾਰ
ਉਧਰ ਥਾਣਾ ਦੁਗਰੀ ਦੀ ਪੁਲਿਸ ਦਾ ਕਹਿਣਾ ਹੈ ਕਿ ਨਾਕਾਬੰਦੀ ਦੇ ਦੌਰਾਨ ਪਿੰਡ ਸੁਨੇਤ ਦੇ ਰਹਿਣ ਵਾਲੇ ਮੁਲਜ਼ਮ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਲਗਾਤਾਰ ਪੁੱਛ ਗਿਛ ਕੀਤੀ ਜਾ ਰਹੀ ਹੈ।