ਅੱਧਖੜ ਵਿਅਕਤੀ ਦੀ ਦਸਤਾਰ ਉਤਾਰੀ, ਵਾਲਾਂ ਤੋਂ ਫੜ ਕੇ ਘੜੀਸਿਆ
ਬੋਲੀ ਦੇ ਦੌਰਾਨ ਗਡਵਾਸੂ ਦੇ ਵਿਹੜੇ ਵਿੱਚ ਹੋਇਆ ਹੰਗਾਮਾ
Publish Date: Wed, 24 Sep 2025 09:07 PM (IST)
Updated Date: Thu, 25 Sep 2025 04:06 AM (IST)
-ਬੋਲੀ ਦੌਰਾਨ ਗਡਵਾਸੂ ਦੇ ਵਿਹੜੇ ’ਚ ਹੋਇਆ ਹੰਗਾਮਾ
-ਪੁਲਿਸ ਨੇ ਮੁਲਜ਼ਮਾਂ ’ਤੇ ਸੰਗੀਨ ਧਾਰਾਵਾਂ ਤਹਿਤ ਕੀਤਾ ਮੁਕੱਦਮਾ ਦਰਜ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ ਕੁਝ ਵਿਅਕਤੀਆਂ ਨੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਪੱਗ ਉਤਾਰ ਦਿੱਤੀ ਅਤੇ ਉਨ੍ਹਾਂ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ ’ਤੇ ਘੜੀਸਿਆ। ਇਹ ਸਾਰੀ ਘਟਨਾ ਉਸ ਵੇਲੇ ਵਾਪਰੀ ਜਦੋਂ ਗਡਵਾਸੂ ਡਿਪਾਰਟਮੈਂਟ ਦੇ ਕੈਂਪਸ ਵਿਚ ਪੁਰਾਣੇ ਸਾਮਾਨ ਦੀ ਬੋਲੀ ਹੋ ਰਹੀ ਸੀ। ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਨੇ ਮਾਡਲ ਗ੍ਰਾਮ ਐਕਸਟੈਂਸ਼ਨ ਦੇ ਰਹਿਣ ਵਾਲੇ ਵੀਰਜੋਤ ਸਿੰਘ ਦੀ ਸ਼ਿਕਾਇਤ ’ਤੇ ਵਿਪਨ ਖੁਰਾਣਾ, ਰੋਹਿਤ ਖੁਰਾਣਾ, ਸਤਪਾਲ ਖੁਰਾਣਾ, ਵਿਸ਼ੂ ਖੁਰਾਣਾ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਵੀਰਜੋਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਗਡਵਾਸੂ ਦੇ ਵਿਹੜੇ ਵਿਚ ਪੁਰਾਣੇ ਸਾਮਾਨ ਦੀ ਬੋਲੀ ਦੌਰਾਨ ਬੋਲੀ ਲਗਾ ਰਹੇ ਸਨ। ਇਸੇ ਦੌਰਾਨ ਮੁਲਜ਼ਮ ਵਿਪਨ ਖੁਰਾਣਾ ਅਤੇ ਹੋਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਬੋਲੀ ਲਗਾਉਣ ਤੋਂ ਰੋਕਿਆ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਕੇ ਹੈਲਮਟ ਤੇ ਤਿੱਖੀ ਵਸਤੂ ਨਾਲ ਉਨ੍ਹਾਂ ਉੱਪਰ ਵਾਰ ਕਰ ਦਿੱਤੇ। ਸ਼ਿਕਾਇਤਕਰਤਾ ਦੇ ਮੁਤਾਬਕ ਮੁਲਜ਼ਮਾਂ ਨੇ ਇਸੇ ਦੌਰਾਨ ਉਨ੍ਹਾਂ ਦੇ ਪਿਤਾ ਦੀ ਪੱਗ ਉਤਾਰ ਕੇ ਕੇਸਾਂ ਤੋਂ ਫੜ ਕੇ ਜ਼ਮੀਨ ’ਤੇ ਘੜੀਸਿਆ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਇਸ ਸਬੰਧੀ ਥਾਣਾ ਪੀਏਯੂ ਦੀ ਪੁਲਿਸ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ ਜਾਂਚ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।