ਸ਼ਹਿਰ ਵਿੱਚ ਕੂੜੇ ਨੂੰ ਅੱਗ ਲਗਾ ਕੇ ਨਿਪਟਾਉਣ ਦਾ ਰੁਝਾਨ ਵਧਿਆ, ਵਾਤਾਵਰਨ ਹੋ ਰਿਹਾ ਪ੍ਰਦੂਸ਼ਿਤ

ਅੱਗ ਨਾਲ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਅਤੇ ਲੋਕਾਂ ਦੀ ਸਿਹਤ ’ਤੇ ਵੀ ਬੁਰਾ ਅਸਰ ਪੈ ਰਿਹਾ
----
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰਾਂ ਨੂੰ ਚੱਕਣ ਦੀ ਬਜਾਏ ਉਨ੍ਹਾਂ ਨੂੰ ਅੱਗ ਲਗਾ ਕੇ ਖਤਮ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਰਿਹਾਇਸ਼ੀ ਇਲਾਕਿਆਂ, ਖਾਲੀ ਪਲਾਟਾਂ, ਸੜਕਾਂ ਦੇ ਕਿਨਾਰਿਆਂ ਅਤੇ ਡੰਪਿੰਗ ਪੁਆਇੰਟਾਂ ’ਤੇ ਕੂੜੇ ਨੂੰ ਅੱਗ ਲਗਾਉਣ ਕਾਰਨ ਹਵਾ ਵਿੱਚ ਜ਼ਹਿਰੀਲਾ ਧੂੰਆ ਫੈਲ ਰਿਹਾ ਹੈ, ਜਿਸ ਨਾਲ ਵਾਤਾਵਰਨ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਇਸ ਨਾਲ ਨਾ ਸਿਰਫ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ, ਸਗੋਂ ਲੋਕਾਂ ਦੀ ਸਿਹਤ ’ਤੇ ਵੀ ਬੁਰਾ ਅਸਰ ਪੈ ਰਿਹਾ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਸਫਾਈ ਕਰਮਚਾਰੀਆਂ ਜਾਂ ਕੂੜਾ ਇਕੱਠਾ ਕਰਨ ਵਾਲਿਆਂ ਵੱਲੋਂ ਕੂੜੇ ਨੂੰ ਚੱਕਣ ਦੀ ਬਜਾਏ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਤਾਂ ਜੋ ਕੁਝ ਸਮੇਂ ਵਿੱਚ ਹੀ ਢੇਰ ਖਤਮ ਕੀਤਾ ਜਾ ਸਕੇ। ਪਲਾਸਟਿਕ, ਰਬੜ, ਪੋਲਿਥੀਨ ਅਤੇ ਹੋਰ ਕਚਰੇ ਨੂੰ ਸਾੜਨ ਨਾਲ ਨਿਕਲਣ ਵਾਲਾ ਧੂੰਆ ਬਹੁਤ ਹੀ ਖਤਰਨਾਕ ਹੁੰਦਾ ਹੈ, ਜੋ ਦਮਾ, ਐਲਰਜੀ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਨੂੰ ਵਧਾਉਂਦਾ ਹੈ। ਗਰਮੀ ਦੇ ਮੌਸਮ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਕਿਉਂਕਿ ਧੂੰਏਂ ਅਤੇ ਬਦਬੂ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿੱਚ ਮੁਸ਼ਕਲ ਆਉਂਦੀ ਹੈ। ਕਈ ਇਲਾਕਿਆਂ ਦੇ ਵਸਨੀਕਾਂ ਨੇ ਦੱਸਿਆ ਕਿ ਸਵੇਰੇ ਅਤੇ ਦੇਰ ਸ਼ਾਮ ਦੇ ਸਮੇਂ ਅਕਸਰ ਕੂੜੇ ਦੇ ਢੇਰਾਂ ਵਿੱਚ ਅੱਗ ਲੱਗੀ ਦੇਖੀ ਜਾਂਦੀ ਹੈ। ਧੂੰਆ ਫੈਲਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਵੱਲੋਂ ਸਮੇਂ ਸਿਰ ਕੂੜਾ ਚੁੱਕਿਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਦੂਜੇ ਪਾਸੇ ਨਗਰ ਨਿਗਮ ਦੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕੂੜੇ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਿਗਮ ਅਧਿਕਾਰੀਆਂ ਅਨੁਸਾਰ ਜਿੱਥੇ ਵੀ ਕੂੜੇ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ, ਉਥੇ ਤੁਰੰਤ ਟੀਮ ਭੇਜ ਕੇ ਅੱਗ ਬੁਝਾਈ ਜਾਂਦੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਕਰਮਚਾਰੀ ਕੂੜੇ ਨੂੰ ਅੱਗ ਲਗਾਉਂਦਾ ਫੜਿਆ ਜਾਂਦਾ ਹੈ ਤਾਂ ਉਸਦਾ ਚਲਾਨ ਵੀ ਕੱਟਿਆ ਜਾਂਦਾ ਹੈ। ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਸ਼ਹਿਰ ਵਿੱਚ ਨਿਗਰਾਨੀ ਵਧਾਈ ਗਈ ਹੈ ਅਤੇ ਸਫਾਈ ਸ਼ਾਖਾ ਦੀਆਂ ਟੀਮਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੂੜੇ ਨੂੰ ਸਾੜਨ ਦੀ ਬਜਾਏ ਉਸਦੀ ਸਹੀ ਢੰਗ ਨਾਲ ਲਿਫਟਿੰਗ ਅਤੇ ਨਿਪਟਾਰਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਖੁਦ ਵੀ ਕੂੜੇ ਨੂੰ ਅੱਗ ਨਾ ਲਗਾਉਣ ਅਤੇ ਜੇਕਰ ਕਿਤੇ ਅਜਿਹਾ ਹੋ ਰਿਹਾ ਹੋਵੇ ਤਾਂ ਉਸ ਦੀ ਜਾਣਕਾਰੀ ਨਿਗਮ ਨੂੰ ਦੇਣ।
ਵਾਤਾਵਰਨ ਪ੍ਰੇਮੀਆਂ ਦਾ ਮੰਨਣਾ ਹੈ ਕਿ ਕੂੜੇ ਨੂੰ ਸਾੜਨਾ ਕਿਸੇ ਵੀ ਹਾਲਤ ਵਿੱਚ ਸਮੱਸਿਆ ਦਾ ਹੱਲ ਨਹੀਂ ਹੈ। ਇਸ ਨਾਲ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਮਿੱਟੀ ਅਤੇ ਆਸ-ਪਾਸ ਦੇ ਵਾਤਾਵਰਨ ’ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੂੜੇ ਦੇ ਵਿਗਿਆਨਕ ਨਿਪਟਾਰੇ ਲਈ ਪੱਕੇ ਪ੍ਰਬੰਧ ਕੀਤੇ ਜਾਣ ਅਤੇ ਜਿੱਥੇ ਵੀ ਲਾਪਰਵਾਹੀ ਸਾਹਮਣੇ ਆਵੇ, ਉੱਥੇ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਹਿਰ ਵਿੱਚ ਵਧ ਰਹੀ ਇਸ ਸਮੱਸਿਆ ਨੂੰ ਦੇਖਦੇ ਹੋਏ ਲੋੜ ਹੈ ਕਿ ਨਗਰ ਨਿਗਮ ਅਤੇ ਆਮ ਲੋਕ ਮਿਲ ਕੇ ਸਫਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ।