ਤੇਜ਼ ਧੁੱਪ ਅਤੇ ਗਰਮ ਹਵਾਵਾਂ ਨੇ ਕੱਢਿਆ ਲੋਕਾਂ ਦਾ ਪਸੀਨਾ

-ਘਰਾਂ ’ਚ ਕੈਦ ਰਹਿਣ ਲਈ ਮਜ਼ਬੂਰ ਹੋਏ ਮਹਾਨਗਰ ਦੇ ਲੋਕ
-ਮੌਸਮ ਵਿਭਾਗ ਅਨੁਸਾਰ ਅਜੇ ਗਰਮੀ ਤੋਂ ਰਾਹਤ ਦੇ ਨਹੀਂ ਕੋਈ ਆਸਾਰ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਦਿਨ ਪ੍ਰਤੀ ਦਿਨ ਵਧ ਰਹੇ ਗਰਮੀ ਦੇ ਪ੍ਰਕੋਪ ਨੇ ਐਤਵਾਰ ਨੂੰ ਵੀ ਆਪਣਾ ਰੰਗ ਵਿਖਾਇਆ। ਤੇਜ਼ ਧੁੱਪ ਅਤੇ ਗਰਮ ਹਵਾਵਾਂ ਨੇ ਜਿੱਥੇ ਲੋਕਾਂ ਦਾ ਪਸੀਨਾ ਕੱਢ ਦਿੱਤਾ ਉੱਥੇ ਮਹਾਂਨਗਰ ਦੇ ਨਿਵਾਸੀਆਂ ਨੂੰ ਘਰਾਂ ਵਿੱਚ ਕੈਦ ਹੋਣ ਲਈ ਵੀ ਮਜ਼ਬੂਰ ਕਰ ਦਿੱਤਾ। ਦੁਪਿਹਰ ਵੇਲੇ ਪਾਰਾ ਜ਼ਿਆਦਾ ਵਧਣ ਕਾਰਨ ਬਾਜ਼ਾਰਾਂ ਅਤੇ ਸੜਕਾਂ ਵਿੱਚ ਭੀੜ ਘੱਟ ਹੀ ਵੇਖਣ ਨੂੰ ਮਿਲੀ।
ਸਵੇਰ ਤੋਂ ਹੀ ਨਿਕਲੀ ਤੇਜ਼ ਧੁੱਪ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦਿੱਤਾ ਜੋ ਛੁੱਟੀ ਦਾ ਦਿਨ ਹੋਣ ਕਾਰਨ ਇੱਧਰ ਉੱਧਰ ਜਾਣ ਦਾ ਅਗਾਊਂ ਪ੍ਰੋਗਰਾਮ ਬਣਾ ਕੇ ਬੈਠੇ ਸਨ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਗਰਮੀ ਵਿੱਚ ਹੋਰ ਵਾਧਾ ਹੋ ਸਕਦਾ ਹੈ। ਲੂ ਚੱਲਣ ਦੇ ਆਸਾਰ ਵੀ ਦੱਸੇ ਜਾ ਰਹੇ ਹਨ। ਗਰਮੀ ਤੋਂ ਬਚਣ ਲਈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਹੋਣ ਵਾਲੇ ਕਿਸੇ ਵੀ ਨੁਕਸਾਨ ਤੋਂ ਬਚਿਆ ਜਾ ਸਕੇ। ਜਦੋਂ ਗਰਮੀ ਕਾਰਨ ਸਰੀਰ ਵਿੱਚੋਂ ਪਸੀਨਾ ਬਹੁਤ ਜਿਆਦਾ ਨਿਕਲ ਜਾਂਦਾ ਹੈ ਤਾਂ ਅਸੀਂ ਉਸ ਮਾਤਰਾ ਵਿੱਚ ਪਾਣੀ ਨਹੀਂ ਪੀਂਦੇ ਜਿੰਨ੍ਹਾਂ ਪੀਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਘੱਟ ਪਾਣੀ ਪੀਣ ਨਾਲ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ। ਬਹੁਤ ਪਿਆਸ ਲੱਗਣਾ, ਮੂੰਹ ਸੁੱਕਣਾ, ਚੱਕਰ ਆਉਣੇ, ਕਮਜ਼ੋਰੀ ਮਹਿਸੂਸ ਕਰਨਾ ਅਤੇ ਸਿਰ ਦਰਦ ਹੋਣਾ ਇਸ ਦੇ ਪ੍ਰਮੁੱਖ ਲੱਛਣਾ ਵਿੱਚ ਸ਼ਾਮਲ ਹਨ। ਦੁਪਹਿਰ ਵੇਲੇ ਖਾਸ ਕਰ 12 ਤੋਂ 4 ਵਜੇ ਤੱਕ ਜੇਕਰ ਬਾਹਰ ਜਾਣਾ ਜਰੂਰੀ ਹੋਵੇ ਤਾਂ ਛਤਰੀ ਦਾ ਸਹਾਰਾ ਲੈਣਾ ਚਾਹੀਦਾ ਹੈ। ਬਜ਼ੁਰਗਾਂ ਅਤੇ ਬੱਚਿਆ ਦਾ ਵਿਸ਼ੇਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ। ਚਾਹ, ਕਾਫੀ ਅਤੇ ਤਲੀਆਂ ਹੋਈਆਂ ਵਸਤਾਂ ਤੋਂ ਪ੍ਰਹੇਜ਼ ਕਰਦੇ ਹੋਏ ਲੱਸੀ ਅਤੇ ਨਿੰਬੂ ਪਾਣੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਖੁੱਲੇ ਵਿੱਚ ਰੱਖਿਆ ਕੱਟਿਆ ਫਲ ਜਾਂ ਬਾਸੀ ਖਾਣਾ ਨਹੀਂ ਖਾਣਾ ਚਾਹੀਦਾ ਕਿਉਂ ਕਿ ਇਸ ਨਾਲ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
---
ਸਿਹਤ ਮਾਹਿਰਾਂ ਨੇ ਜਾਰੀ ਕੀਤੀ ਐਡਵਾਈਜ਼ਰੀ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਸਾਵਧਾਨੀ ਹੀ ਸੁਰੱਖਿਆ ਹੈ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨਾਲ ਜਦੋਂ ਚੱਲ ਰਹੇ ਮੌਸਮ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਮਹਾਂਨਗਰ ਦਾ ਤਾਪਮਾਨ ਵੱਧ ਤੋਂ ਵੱਧ 40.8 ਡਿਗਰੀ ਅਤੇ ਘੱਟ ਤੋਂ ਘੱਟ 24.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਇਜ਼ਾਫਾ ਹੋ ਸਕਦਾ ਹੈ ਭਾਵ ਅਜੇ ਗਰਮੀ ਤੋਂ ਰਾਹਤ ਦੇ ਕੋਈ ਆਸਾਰ ਨਹੀਂ ਅਤੇ ਸ਼ਹਿਰਵਾਸੀਆਂ ਨੂੰ ਗਰਮੀ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਨ੍ਹਾਂ ਦਿਨਾਂ ਵਿੱਚ ਅੰਬ, ਤਰਬੂਜ ਅਤੇ ਖਰਬੂਜੇ ਵਰਗੇ ਫਲਾਂ ਦੀ ਵਿਕਰੀ ਵਧਣ ਕਾਰਨ ਜਿੱਥੇ ਫਲ ਵੇਚਣ ਵਾਲਿਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਝਲਕ ਵੇਖਣ ਨੂੰ ਮਿਲਦੀ ਹੈ ਉੱਥੇ ਮਜ਼ਦੂਰ ਅਤੇ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਤੇਜ਼ ਧੁੱਪ ਅਤੇ ਲੂ ਕਾਰਨ ਦੁੱਖ ਅਤੇ ਤਕਲੀਫ ਸਹਿਣੀ ਪੈਂਦੀ ਹੈ। ਬੇਜੁਬਾਨ ਵੀ ਇਸ ਮੌਸਮ ਦਾ ਸ਼ਿਕਾਰ ਹੁੰਦੇ ਹਨ।