ਬੰਦ ਪਈਆਂ ਦੁਕਾਨਾਂ ਦੀਆਂ ਪੌੜੀਆਂ ਬਣੀਆਂ ਨਸ਼ੇੜੀਆਂ ਦਾ ਅੱਡਾ
ਮੇਨ ਚੌਂਕ ਨਜ਼ਦੀਕ ਬੰਦ ਪਈਆਂ ਦੁਕਾਨਾਂ ਦੀਆਂ ਪੌੜੀਆਂ ਬਣੀਆਂ ਨਸ਼ੇੜੀਆਂ ਦਾ ਅੱਡਾ
Publish Date: Mon, 15 Sep 2025 09:02 PM (IST)
Updated Date: Mon, 15 Sep 2025 09:05 PM (IST)

ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਸਿੱਧਵਾਂ ਬੇਟ : ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਭਾਵੇਂ ਵੱਡੇ ਪੱਧਰ ’ਤੇ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਅਮਲ ’ਚ ਲਿਆਂਉਂਦਿਆਂ ਵੱਡੀ ਮਾਤਰਾ ਵਿਚ ਹੈਰੋਇਨ ਜਾਂ ਨਸ਼ੀਲੀਆਂ ਦਵਾਈਆਂ ਬਰਾਮਦ ਕਰਕੇ ਕਈਆਂ ਦੀ ਫੜੋ-ਫੜੀ ਕੀਤੀ ਗਈ ਪਰ ਜਿਸ ਤਰ੍ਹਾਂ ਇਲਾਕੇ ਵਿੱਚ ਨਸ਼ੇ ਨੇ ਪੈਰ ਪਸਾਰੇ ਹੋਏ ਹਨ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋਏ ਗੱਭਰੂ ਜਾਨਾਂ ਦਾਅ ’ਤੇ ਲਾਈ ਬੈਠੇ ਹਨ। ਕਈ ਨੌਜਵਾਨਾਂ ਵੱਲੋਂ ਤਾਂ ਸਿੱਧਵਾਂ ਬੇਟ ਦੇ ਮੇਨ ਚੌਕ ਨਜ਼ਦੀਕ ਬੰਦ ਪਈ ਇਕ ਮਾਰਕੀਟ ਦੀਆਂ ਦੁਕਾਨਾਂ ਦੀਆਂ ਪੌੜੀਆਂ ਨੂੰ ਨਸ਼ਿਆਂ ਦੇ ਟੀਕੇ ਲਾਉਣ ਲਈ ਪੱਕਾ ਅੱਡਾ ਬਣਾਇਆ ਹੋਇਆ ਹੈ। ਕਈ ਵਾਰ ਪੱਤਰਕਾਰਾਂ ਦੀ ਟੀਮ ਵੱਲੋਂ ਇਸ ਜਗ੍ਹਾ ’ਤੇ ਟੀਕੇ ਲਗਾਉਣ ਵਾਲੇ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਚੁੱਕਾ ਹੈ ਪਰ ਨੌਜਵਾਨ ਨਸ਼ਿਆਂ ਦਾ ਖਹਿੜਾ ਛੱਡਣ ਤੋਂ ਅਸਮਰੱਥ ਵਿਖਾਈ ਦੇ ਰਹੇ ਹਨ। ਅੱਜ ਫਿਰ ਪਤਾ ਲੱਗਣ ’ਤੇ ਜਦੋਂ ਪੱਤਰਕਾਰਾਂ ਦੀ ਟੀਮ ਇਸ ਜਗ੍ਹਾ ਪੁੱਜੀ ਤਾਂ ਪੌੜੀਆਂ ਵਿਚਾਲੇ ਬੈਠਾ ਇੱਕ ਨੌਜਵਾਨ ਦੂਜੇ ਨੌਜਵਾਨ ਦੇ ਟੀਕਾ ਲਗਾਉਣ ਦੀ ਤਿਆਰੀ ਵਿੱਚ ਸੀ। ਸਰਿੰਜ ਉਸੇ ਤਰ੍ਹਾਂ ਭਰੀ ਪਈ ਸੀ। ਹੈਰਾਨੀ ਦੀ ਗੱਲ ਸੀ ਕਿ ਇਸ ਜਗ੍ਹਾ ’ਤੇ ਨਸ਼ੇੜੀਆਂ ਵੱਲੋਂ ਵਰਤੀਆਂ ਜਾ ਰਹੀਆਂ ਸਰਿੰਜਾਂ ਦੀਆਂ ਸੂਈਆਂ ਅਤੇ ਕੋਲ ਹੀ ਇੱਕ ਪਾਣੀ ਦੀ ਬੋਤਲ ਵੀ ਭਰ ਕੇ ਰੱਖੀ ਹੋਈ ਸੀ। ਇੱਕ ਨੌਜਵਾਨ ਵੱਲੋਂ ਤਾਂ ਟੀਕੇ ਨੂੰ ਆਪਣੇ ਗਿੱਟੇ ’ਚ ਲਗਾਉਣ ਲਈ ਗੋਡੇ ਤੋਂ ਹੇਠਾਂ ਘੁੱਟ ਕੇ ਰੱਸੀ ਬੰਨ੍ਹੀ ਹੋਈ ਸੀ ਤੇ ਉਸ ਦੇ ਨਜ਼ਦੀਕ ਹੀ ਜਿੱਥੇ ਖੂਨ ਦੇ ਤੁਪਕੇ ਡੁੱਲੇ ਹੋਏ ਸਨ, ਉਥੇ ਇਕ ਡਿਸਪੋਜਲ ਗਿਲਾਸ ’ਚ ਖੂਨ ਜੰਮਿਆਂ ਵੀ ਪਿਆ ਸੀ। ਉਕਤ ਨੌਜਵਾਨਾਂ ਵੱਲੋਂ ਅੱਗੇ ਤੋਂ ਨਸ਼ਾ ਨਾ ਕਰਨ ਦਾ ਵਾਸਤਾ ਪਾ ਕੇ ਉਥੋਂ ਚਲੇ ਗਏ ਪਰ ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਚੌਕ ਨਜ਼ਦੀਕ ਬਣੀਆਂ ਪੌੜੀਆਂ ਨੂੰ ਨਸ਼ਾ ਕਰਨ ਦਾ ਅੱਡਾ ਬਣਾਇਆ ਹੈ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਵੀ ਜੇਕਰ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।