ਸੈਲਰ ’ਚ ਪਈ ਕਣਕ ਵਿਚਲੀ ਨਮੀ ਵਧਾਉਣ ਦਾ ਧੰਦਾ ਜੱਗ ਜ਼ਾਹਿਰ
ਜਗਰਾਓਂ ਦੇ ਸ਼ੈਲਰ ਵਿਚ ਲੱਖਾਂ ਬੋਰੀ ਕਣਕ ਨੂੰ ਪਾਣੀ ਪਾਉਣ ਦੇ ਗੌਰਖ ਧੰਦੇ ਦਾ ਪਰਦਾਫਾਸ਼
Publish Date: Mon, 15 Sep 2025 06:32 PM (IST)
Updated Date: Mon, 15 Sep 2025 06:32 PM (IST)

-ਪਨਗਰੇਨ ਦੇ ਚੇਅਰਮੈਨ ਦੀ ਅਚਾਨਕ ਚੈਕਿੰਗ ’ਚ ਖੁੱਲ੍ਹੀ ਪੋਲ -ਗੁਦਾਮ ’ਚ ਬਕਾਇਦਾ ਲੱਗਾ ਹੋਇਆ ਸੀ ਸਮਬਰਸੀਬਲ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਪਨਗਰੇਨ ਵੱਲੋਂ ਖ਼ਰੀਦੀਆਂ ਲੱਖਾਂ ਬੋਰੀਆਂ ਕਣਕ ਦਾ ਭਾਰ ਵਧਾ ਕੇ ਕਰੋੜਾਂ ਰੁਪਏ ਜੇਬਾਂ ’ਚ ਪਾਉਣ ਦੇ ਗੋਰਖ ਧੰਦੇ ਦੀ ਅੱਜ ਉਸ ਸਮੇਂ ਪੋਲ ਖੁੱਲ੍ਹੀ ਜਦੋਂ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਅਚਾਨਕ ਚੈਕਿੰਗ ਲਈ ਆ ਪੁੱਜੇ। ਇਸ ਦੌਰਾਨ ਜਗਰਾਓਂ ਦੇ ਪਿੰਡ ਸ਼ੇਰਪੁਰਾ ਨੂੰ ਜਾਂਦੀ ਸੜਕ ’ਤੇ ਸਥਿਤ ਸ਼ੈਲਰ ਵਿਚ ਬਣੇ ਗੁਦਾਮ ’ਚ ਸਟੋਰ ਲੱਖਾਂ ਬੋਰੀਆਂ ਕਣਕ ਨੂੰ ਪਾਣੀ ਨਾਲ ਰੋਜ਼ ਨਵਿਆਉਣ ਲਈ ਬਕਾਇਦਾ ਸਮਬਰਸੀਬਲ ਲਗਾ ਕੇ ਕਣਕ ਦੇ ਚੱਕਿਆਂ ਤੱਕ ਲੱਗਦੀ ਕੰਧ ਨੂੰ ਪੱਕੀ ਪਾਈਪ ਦੀ ਫੀਟਿੰਗ ਤੱਕ ਕਰਵਾ ਰੱਖੀ ਸੀ। ਜਗਰਾਓਂ ਦੇ ਇਸ ਸ਼ੈਲਰ ਵਿਚ ਪਿਛਲੇ ਸਾਲ ਤੋਂ ਹੀ ਕਣਕ ਨੂੰ ਨਿਯਮਾਂ ਦੇ ਉਲਟ ਸਟੋਰ ਕਰਨ ਅਤੇ ਕਣਕ ਦੀਆਂ ਲੱਖਾਂ ਬੋਰੀਆਂ ’ਤੇ ਪਾਣੀ ਪਾ ਕੇ ਭਾਰ ਵਧਾ ਕੇ ਲੱਖਾਂ ਕੁਇੰਟਲ ਕਣਕ ਦੀ ਕਾਲਾਬਾਜ਼ਾਰੀ ਦੀ ਚਰਚਾ ਆਖ਼ਰਕਾਰ ਅੱਜ ਜਾਂਚ ’ਚ ਸੱਚ ਸਾਬਤ ਹੋਈ। ਇਸ ਸ਼ੈਲਰ ਵਿਚ ਸਟੋਰ ਕੀਤੀ ਕਣਕ ’ਤੇ ਜ਼ਿਆਦਾ ਪਾਣੀ ਛਿੜਕਣ ਕਾਰਨ ਵੱਡੀ ਗਿਣਤੀ ਵਿਚ ਕਣਕ ਖਰਾਬ ਵੀ ਹੋ ਗਈ। ਇਸ ਸਾਰੇ ’ਤੇ ਚੇਅਰਮੈਨ ਨੇ ਸਖਤ ਰੁਖ ਅਪਣਾਉਂਦਿਆਂ ਜਾਂਚ ਆਰੰਭ ਦਿੱਤੀ ਹੈ। ਸੋਮਵਾਰ ਨੂੰ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਅਚਾਨਕ ਸ਼ੇਰਪੁਰਾ ਪਿੰਡ ਨੂੰ ਜਾਂਦੇ ਰਾਹ ’ਤੇ ਸਥਿਤ ਸ਼ੰਕਰ ਰਾਈਸ ਮਿੱਲ ਪੁੱਜੇ। ਜਿਥੇ ਪਹਿਲਾਂ ਹੀ ਮੌਜੂਦ ਪਨਗਰੇਨ ਦੇ ਸਥਾਨਕ ਅਧਿਕਾਰੀਆਂ ਦੇ ਰੰਗੇ ਉਡੇ ਹੋਏ ਸਨ। ਚੇਅਰਮੈਨ ਡਾ. ਗਿੱਲ ਨੇ ਜਿਉਂ-ਜਿਉਂ ਸਟੋਰ ਕੀਤੀ ਕਣਕ ਦੇ ਚੱਕਿਆਂ ਤੋਂ ਤ੍ਰਿਪਾਲਾਂ ਹਟਵਾਉਣੀਆਂ ਸ਼ੁਰੂ ਕੀਤੀਆਂ। ਇਸ ਗੁਦਾਮ ਵਿਚ ਕਣਕ ’ਚ ਖਾਮੀਆਂ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਅਨੇਕਾਂ ਚੱਕਿਆਂ ’ਚ ਪਈ ਕਣਕ ਦੀ ਕੁਆਲਿਟੀ ਇਸ ਕਦਰ ਗਲ ਸੜ ਚੁੱਕੀ ਸੀ ਕਿ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਸੀ। ਜਦਕਿ ਇਹ ਕਣਕ ਸਰਕਾਰੀ ਡਿਪੂਆਂ ਨੂੰ ਗਰੀਬਾਂ ਨੂੰ ਵੰਡਣ ਲਈ ਸਪਲਾਈ ਕਰਨ ਦੀ ਯੋਜਨਾ ਬਣ ਰਹੀ ਸੀ। ਇਹੀ ਨਹੀਂ ਚੇਅਰਮੈਨ ਡਾ. ਗਿੱਲ ਨੇ ਸ਼ੈਲਰ ਵਿਚ ਬਣੇ ਇਸ ਗੁਦਾਮ ਦਾ ਨਿਰੀਖਣ ਕੀਤਾ ਤਾਂ ਉਥੇ ਬਕਾਇਦਾ ਸਮਬਰਸੀਬਲ ਪੰਪ ਲੱਗਾ ਹੋਇਆ ਸੀ, ਜਿਸ ਤੋਂ ਸਿੱਧਾ ਚੱਕਿਆਂ ਤਕ ਲੱਗਦੀ ਚਾਰਦੀਵਾਰੀ ’ਤੇ ਪੱਕੀ ਪਾਈਪ ਫੀਟਿੰਗ ਕੀਤੀ ਗਈ ਸੀ ਤਾਂ ਕਿ ਇਸ ਗੁਦਾਮ ’ਚ ਲੱਖਾਂ ਬੋਰੀ ਕਣਕ ਨੂੰ ਪਾਣੀ ’ਚ ਨਵਿਆਉਣ ਲਈ ਸਟਾਫ ਨੂੰ ਬਹੁਤੀ ਜੱਦੋ-ਜਹਿਦ ਨਾ ਕਰਨੀ ਪਵੇ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਜਦੋਂ ਚੇਅਰਮੈਨ ਨੇ ਕਣਕ ’ਚ ਨਮੀ ਦੀ ਮਾਤਰਾ ਚੈਕ ਕਰਵਾਈ ਤਾਂ ਉਹ ਵੀ ਹੈਰਾਨ ਰਹਿ ਗਏ। ਨਮੀ ਦੀ ਮਾਤਰਾ ਬਹੁਤ ਜ਼ਿਆਦਾ ਸੀ। ਉਨ੍ਹਾਂ ਇਨ੍ਹਾਂ ਖਾਮੀਆਂ ਨੂੰ ਦੇਖਦਿਆਂ ਉਥੇ ਹੀ ਡੇਰਾ ਲਾਉਂਦਿਆਂ ਸਾਰਾ ਰਿਕਾਰਡ ਖੰਘਾਲਿਆ। ਇਸ ਦੇ ਨਾਲ ਹੀ ਮੌਜੂਦ ਅਧਿਕਾਰੀਆਂ ਦੀ ਕਲਾਸ ਲਗਾਉਂਦਿਆਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਇਸ ਜਾਂਚ ਵਿਚ ਜਿਸ ਦੀ ਵੀ ਅਣਗਹਿਲੀ ਸਾਹਮਣੇ ਆਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। --- ਚੇਅਰਮੈਨ ਨੇ ਮੰਨਿਆ ਖਾਮੀਆਂ ਦੀ ਭਰਮਾਰ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਮੰਨਿਆ ਕਿ ਜਗਰਾਓਂ ’ਚ ਪਨਗਰੇਨ ਵੱਲੋਂ ਸਟੋਰ ਕੀਤੀ ਕਣਕ ’ਚ ਖਾਮੀਆਂ ਪਾਈਆਂ ਗਈਆਂ। ਕਣਕ ਵਿਚ ਨਮੀ ਦੀ ਮਾਤਰਾ ਜਿਥੇ ਵੱਧ ਸੀ, ਉਥੇ ਕੁਆਲਿਟੀ ਵੀ ਖਰਾਬ ਨਜ਼ਰ ਆ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਕਣਕ ’ਤੇ ਪਾਣੀ ਪਿਆ ਸਾਫ ਲੱਗ ਰਿਹਾ ਸੀ। ਇਹ ਪਾਣੀ ਪਾਇਆ ਗਿਆ ਜਾਂ ਕਿਸੇ ਹੋਰ ਤਰ੍ਹਾਂ ਭਿੱਜੀ ਹੈ, ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਸਾਫ ਕਿਹਾ ਕਿ ਜਿਸ ਤਰ੍ਹਾਂ ਖਾਮੀਆਂ ਦਿੱਸੀਆਂ, ਉਸ ਤੋਂ ਸਾਫ ਹੈ ਕਿ ਸਖਤੀ ਨਾਲ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਜਾਂਚ ਪਾਰਦਰਸ਼ਤਾ ਨਾਲ ਹੋਵੇਗੀ ਅਤੇ ਜਿਸ ਦੀ ਵੀ ਸ਼ਮੂਲੀਅਤ ਹੋਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਜਲਦੀ ਹੀ ਜਾਂਚ ਰਿਪੋਰਟ ਉਨ੍ਹਾਂ ਕੋਲ ਆ ਜਾਵੇਗੀ ਉਸ ਤੋਂ ਬਾਅਦ ਸਿੱਧੀ ਕਾਰਵਾਈ ਹੋਵੇਗੀ।