ਪਰਾਲੀ ਦਾ ਭਰਿਆ ਟਰਾਲਾ ਪਲਟਿਆ, ਲੱਗਾ ਲੰਮਾ ਜਾਮ
ਪਰਾਲੀ ਨਾਲ ਭਰਿਆ ਟਰਾਲਾ ਪਲਟਣ ਨਾਲ ਬੰਦ ਹੋਇਆ ਰਸਤਾ, ਸਵੇਰੇ ਤੱਕ ਜਾਮ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ
Publish Date: Mon, 04 May 2026 09:39 PM (IST)
Updated Date: Tue, 05 May 2026 04:18 AM (IST)

ਜਵੱਦੀ ਪੁਲ ਕੋਲ ਅੱਧੀ ਰਾਤ ਨੂੰ ਵਾਪਰਿਆ ਵੱਡਾ ਹਾਦਸਾ, ਸਵੇਰੇ ਤੱਕ ਜਾਮ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ --- ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਦੇ ਦੱਖਣੀ ਬਾਈਪਾਸ ’ਤੇ ਜਵੱਦੀ ਪੁਲ ਦੇ ਨੇੜੇ ਅੱਧੀ ਰਾਤ ਸਮੇਂ ਇੱਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਪਰਾਲੀ ਨਾਲ ਲੱਦਿਆ ਇੱਕ ਤੇਜ਼ ਰਫ਼ਤਾਰ ਟਰਾਲਾ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਹੀ ਪਲਟ ਗਿਆ। ਇਸ ਹਾਦਸੇ ਕਾਰਨ ਲੁਧਿਆਣਾ-ਫਿਰੋਜ਼ਪੁਰ ਰੋਡ ਨੂੰ ਗਿੱਲ ਰੋਡ ਨਾਲ ਜੋੜਣ ਵਾਲਾ ਮਹੱਤਵਪੂਰਨ ਰਸਤਾ ਇਕ ਸਾਈਡ ਤੋਂ ਪੂਰੀ ਤਰ੍ਹਾਂ ਜਾਮ ਹੋ ਗਿਆ ਜਿਸ ਨਾਲ ਕਈ ਘੰਟਿਆਂ ਤੱਕ ਆਵਾਜਾਈ ਠੱਪ ਰਹੀ। ਰਾਹਤ ਦੀ ਗੱਲ ਇਹ ਰਹੀ ਕਿ ਟਰਾਲਾ ਚਾਲਕ ਇਸ ਹਾਦਸੇ ਵਿੱਚ ਬਾਲ-ਬਾਲ ਬਚ ਗਿਆ ਉਸ ਤੋਂ ਇਲਾਵਾ ਵੀ ਇਸ ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪਰ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਦੀ ਸੁਸਤੀ ਵੀ ਖੁੱਲ੍ਹ ਕੇ ਸਾਹਮਣੇ ਆਈ। ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਸਵੇਰ ਤੱਕ ਨਾ ਤਾਂ ਪਲਟੇ ਹੋਏ ਟਰਾਲੇ ਨੂੰ ਹਟਾਇਆ ਗਿਆ ਅਤੇ ਨਾ ਹੀ ਸੜਕ ’ਤੇ ਖਿਲਰੀਆਂ ਪਰਾਲੀ ਦੀਆਂ ਗੱਠਾਂ ਨੂੰ ਸਾਈਡ ਤੇ ਕੀਤਾ ਗਿਆ, ਜਿਸ ਕਾਰਨ ਸਵੇਰੇ ਸਮੇਂ ਇਸ ਰਸਤੇ ਤੋਂ ਆਪਣੇ ਕੰਮਾਂ ’ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਚਾਰ ਪਹੀਆ ਵਾਹਨ ਚਾਲਕਾਂ ਨੂੰ ਆਪਣੀ ਮੰਜਿਗਲ ਵੱਲ ਜਾਣ ਲੲਂ ਲੰਮੇ ਰਸਤੇ ਰਾਹੀਂ ਜਾਣ ਲਈ ਮਜਬੂਰ ਹੋਣਾ ਪਿਆ, ਜਦਕਿ ਦੋ ਪਹੀਆ ਸਵਾਰ ਵੀ ਕਾਫੀ ਸਮੇਂ ਤੱਕ ਜਾਮ ਵਿੱਚ ਫਸੇ ਰਹੇ। ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਈ ਅਤੇ ਸਵਾਲ ਉਠਾਏ ਕਿ ਇੰਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਰਾਹਤ ਕਾਰਜਾਂ ਵਿੱਚ ਦੇਰੀ ਕਿਉਂ ਕੀਤੀ ਗਈ। ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਟ੍ਰੈਫਿਕ ਨੂੰ ਸੰਭਾਲਦਿਆਂ ਹੌਲੀ-ਹੌਲੀ ਰਸਤਾ ਖੁਲਵਾਇਆ। ਟ੍ਰੈਫਿਕ ਜ਼ੋਨ ਇੰਚਾਰਜ ਹਰਪ੍ਰੀਤ ਸਿੰਘ ਮੁਤਾਬਕ ਗਸ਼ਤ ਦੌਰਾਨ ਉਨ੍ਹਾਂ ਨੂੰ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਟਰਾਲਾ ਪਲਟਿਆ ਹੋਇਆ ਮਿਲਿਆ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਟੀਮ ਵੱਲੋਂ ਟ੍ਰੈਫਿਕ ਦਾ ਰੂਟ ਬਤਲਕੇ ਜਾਮ ਨੂੰ ਖੁਲਵਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮੌਕੇ ਤੇ ਕਰੇਨ ਬੁਲਾਕੇ ਪਹਿਲਾ ਟਰਾਲੇ ਤੇ ਟ੍ਰੈਕਟਰ ਨੂੰ ਸਾਈਡ ਤੇ ਕਰਵਾਇਆ ਤੇ ਫਿਰ ਸੜਕ ਤੇ ਖਿਲਰੀਆਂ ਪਰਾਲੀ ਦੀਆਂ ਗੱਠਾਂ ਨੂੰ ਸਾਈਡ ਤੇ ਕਰਕੇ ਟ੍ਰੈਫਿਕ ਸੁਚਾਰੂ ਕੀਤਾ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।