ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਬੰਦ ਦੇ ਸੱਦੇ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ

-ਪੰਜਾਬ ਵਿੱਚ ਦਵਾਈਆਂ ਦੀ ਹੋਰ ਸੇਲ ਮੰਡੀ ਵਜੋਂ ਮਸ਼ਹੂਰ ਲੁਧਿਆਣਾ ਦੀ ਪਿੰਡੀ ਗਲੀ ਰਹੀ ਮੁਕੰਮਲ ਬੰਦ
-ਸ਼ਹਿਰ ਵਿੱਚ ਬਹੁਤ ਸਾਰੇ ਮੈਡੀਕਲ ਸਟੋਰ ਰਹੇ ਖੁੱਲੇ
---
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ
ਲੁਧਿਆਣਾ : ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਦੇ ਹੋਲ ਸੇਲ ਅਤੇ ਰਿਟੇਲ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਮੰਗਾਂ ਨੂੰ ਲੈਕੇ ਬੰਦ ਦੀ ਕਾਲ ਦਿੱਤੀ ਗਈ ਸੀ। ਇਸ ਦੌਰਾਨ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ, ਜਿੱਥੇ ਪੰਜਾਬ ਵਿੱਚ ਦਵਾਈਆਂ ਦੀ ਹੋਲ ਸੇਲ ਮੰਡੀ ਵਜੋਂ ਮਸ਼ਹੂਰ ਪਿੰਡੀ ਗਲੀ ਮੁਕੰਮਲ ਤੌਰ ਤੇ ਬੰਦ ਰਹੀ, ਉਥੇ ਹੀ ਸ਼ਹਿਰ ਵਿੱਚ ਬਹੁਤ ਸਾਰੇ ਮੈਡੀਕਲ ਸਟੋਰ ਖੁੱਲੇ ਵੀ ਮਿਲੇ। ਜਦ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਹਲਾਤ ਦੇਖੇ ਤਾਂ ਇਸ ਦੌਰਾਨ ਗਿੱਲ ਰੋਡ, ਮਾਡਲ ਟਊਨ, ਦੁੱਗਰੀ, ਪੱਖੋਵਾਲ, ਬੀਆਰਐਸ ਨਗਰ, ਧਾਂਦਰਾ ਰੋਡ, ਸ਼ਿਮਲਾਪੁਰੀ, ਗਿਆਸਪੁਰਾ, ਡਾਬਾ, ਲੁਹਾਰਾ, ਪ੍ਰਤਾਪ ਚੌਂਕ, ਡੀਐਮਸੀ, ਗੁਰੂ ਤੇਗਬਹਾਦਰ, ਕੁੱਝ ਏਰੀਆ ਹੈਬੋਵਾਲ, ਰਾਮ ਨਗਰ ਆਦਿ ਵਿਖੇ ਮੈਡੀਕਲ ਸਟੋਰ ਖੁੱਲ੍ਹੇ ਮਿਲੇ। ਮਿਲੀ ਜਾਣਕਾਰੀ ਅਨੁਸਾਰ ਇਸ ਹੜਤਾਲ ਦਾ ਅਸਰ ਲੁਧਿਆਣਾ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਵੇਖਣ ਨੂੰ ਮਿਲਿਆ, ਜਿੱਥੇ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਰਹੀ। ਅੱਜ ਲੁਧਿਆਣਾ ਦੀ ਹੋਲ ਸੇਲ ਮਾਰਕੀਟ ਪਿੰਡੀ ਗਲੀ ਵਿੱਚ ਸਵੇਰੇ ਤੋਂ ਹੀ ਦੁਕਾਨਾਂ ਬੰਦ ਹੋਣ ਕਾਰਨ ਸੁੰਨਸਾਨ ਰਹੀ। ਐਸੋਸੀਏਸ਼ਨ ਦੇ ਆਗੂ ਸਵੇਰ ਤੋਂ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਚੰਡੀਗੜ ਰਵਾਨਾ ਹੋ ਗਏ। ਇਸ ਦੌਰਾਨ ਦਵਾਈ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਦੀਆਂ ਕੁੱਝ ਨੀਤੀਆਂ ਅਤੇ ਵਿਭਾਗੀ ਕਾਰਵਾਈਆਂ ਕਾਰਨ ਦਵਾਈ ਕਾਰੋਬਾਰ ਨਾਲ ਜੁੜੇ ਲੋਕਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਵਾਜਬ ਕਾਰਨਾਂ ਦੇ ਕੀਤੀਆਂ ਜਾ ਰਹੀਆਂ ਚੈਕਿੰਗਾਂ, ਲਾਇਸੈਂਸ ਸੰਬੰਧੀ ਪੇਚੀਦਗੀਆਂ ਅਤੇ ਵੱਧ ਰਹੇ ਆਨਲਾਈਨ ਦਵਾਈ ਕਾਰੋਬਾਰ ਕਾਰਨ ਰਿਟੇਲ ਅਤੇ ਹੋਲਸੇਲ ਵਪਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਹੜਤਾਲ ਦੇ ਮੱਦੇਨਜ਼ਰ ਐਸੋਸੀਏਸ਼ਨ ਦੇ ਕਈ ਅਹੁਦੇਦਾਰ ਚੰਡੀਗੜ੍ਹ ਲਈ ਰਵਾਨਾ ਹੋਏ, ਜਿੱਥੇ ਉਹ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਪਣੀਆਂ ਮੰਗਾਂ ਰੱਖਣਗੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਕੋਈ ਸਕਾਰਾਤਮਕ ਫੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਧਰ ਹੋਲ ਸੇਲ ਮੰਡੀ ਬੰਦ ਰਹਿਣ ਕਾਰਨ ਕਈ ਰਿਟੇਲ ਦਵਾਈ ਦੁਕਾਨਾਂ ਨੂੰ ਵੀ ਦਵਾਈਆਂ ਦੀ ਸਪਲਾਈ ਵਿੱਚ ਦਿੱਕਤ ਆਈ। ਖ਼ਾਸ ਕਰਕੇ ਜੀਵਨ ਰੱਖਿਆ ਦਵਾਈਆਂ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਕੈਮਿਸਟ ਐਸੋਸੀਏਸ਼ ਦੇ ਆਗੂਆਂ ਨੇ ਕਿਹਾ ਕਿ ਐਮਰਜੈਂਸੀ ਸਥਿਤੀ ਵਿੱਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਜ਼ਰੂਰੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਵਪਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਵਾਈ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਅਤੇ ਵਪਾਰੀਆਂ ਦੋਵਾਂ ਨੂੰ ਰਾਹਤ ਮਿਲ ਸਕੇ। ਹੜਤਾਲ ਕਾਰਨ ਦਵਾਈ ਮਾਰਕੀਟ ਬੰਦ ਹੋਣ ਕਾਰਨ ਸੂਬੇ ਅੰਦਰ ਚਿੰਤਾ ਦਾ ਮਾਹੌਲ ਹੋ ਗਿਆ ਹੈ।