ਤੰਦੂਰ ਵਾਂਗ ਤਪਿਆ ਮਹਾਨਗਰ, ਪਾਰਾ 40 ਤੋਂ ਪਾਰ, ਅੱਜ ਵੀ ਨਹੀਂ ਰਾਹਤ ਦੇ ਆਸਾਰ
ਤੰਦੂਰ ਵਾਂਗ ਤਪਿਆ ਮਹਾਂਨਗਰ, ਪਾਰਾ 40 ਤੋਂ ਪਾਰ, ਅੱਜ ਵੀ ਨਹੀਂ ਰਾਹਤ ਦੇ ਆਸਾਰ
Publish Date: Sun, 26 Apr 2026 06:03 PM (IST)
Updated Date: Sun, 26 Apr 2026 06:07 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਦਿਨ ਪ੍ਰਤੀ ਦਿਨ ਵੱਧ ਰਹੀ ਗਰਮੀ ਨੇ ਐਤਵਾਰ ਨੂੰ ਅਜਿਹਾ ਰੰਗ ਵਿਖਾਇਆ ਕਿ ਮਹਾਨਗਰ ਦਾ ਪਾਰਾ 40.2 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ। ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਮੌਸਮ ਵਿਭਾਗ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਮੌਸਮ ਦੀ ਇਹੀ ਸਥਿਤੀ ਬਣੀ ਰਹੇਗੀ ਅਤੇ ਤਾਪਮਾਨ ਵਿਚ ਵਾਧਾ ਹੋ ਸਕਦਾ ਹੈ। ਡਾ. ਕਿੰਗਰਾ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਤਾਪਮਾਨ ਦਾ ਵਧਣਾ ਸੁਭਾਵਕ ਹੈ ’ਤੇ ਪਿਛਲੇ ਸਾਲਾਂ ਵਿਚ ਕਈ ਵਾਰ 40 ਜਾਂ ਇਸ ਤੋਂ ਵੱਧ ਵੀ ਤਾਪਮਾਨ ਰਿਕਾਰਡ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਮੌਸਮ ਬਦਲ ਸਕਦਾ ਹੈ ਅਤੇ ਬੱਦਲਵਾਈ ਦੀ ਸੰਭਾਵਨਾ ਹੈ। ਮੌਸਮ ਸਬੰਧੀ ਜਦੋਂ ਕੁੱਝ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਚਾਹੇ ਗਰਮੀ ਹੋਵੇ ਜਾਂ ਸਰਦੀ ਲੋੜ ਤੋਂ ਵੱਧ ਬਦਲਿਆ ਮੌਸਮ ਉਨ੍ਹਾਂ ਦੇ ਕੰਮ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਦੂਜੇ ਪਾਸੇ ਠੰਢੀਆਂ ਵਸਤਾਂ ਵੇਚਣ ਵਾਲਿਆਂ ਦੇ ਚਿਹਰਿਆਂ ’ਤੇ ਰੌਣਕ ਵੇਖਣ ਨੂੰ ਮਿਲੀ। ਉਨ੍ਹਾਂ ਗੱਲ ਕਰਦੇ ਹੋਏ ਦੱਸਿਆ ਕਿ ਉਹ ਤਾਂ ਗਰਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂ ਇਹ ਸੀਜ਼ਨ ਹੀ ਉਨ੍ਹਾਂ ਦੇ ਪਰਿਵਾਰ ਦਾ ਪੇਟ ਭਰਨ ਵਿਚ ਸਹਾਈ ਹੁੰਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਵੱਧ ਰਹੀ ਗਰਮੀ (ਤਾਪਮਾਨ) ਵਿਚ ਸਿਹਤ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਡੀਹਾਈਡਰੇਸ਼ਨ, ਲੂ ਲੱਗਣਾ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਬਚਾਅ ਲਈ ਦਿਨ ਵਿਚ ਵੱਧ ਤੋਂ ਵੱਧ ਪਾਣੀ ਪੀਣ ਦੇ ਨਾਲ ਨਾਲ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੀਆਂ ਵਸਤਾਂ ਪੀਓ ਜਦ ਕਿ ਕੈਫੀਨ ਵਾਲੀਆਂ ਚੀਜ਼ਾਂ (ਚਾਹ/ਕਾਫੀ) ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਹਲਕੀ ਅਤੇ ਸੌਖੀ ਹਜ਼ਮ ਹੋਣ ਵਾਲੀ ਖੁਰਾਕ ਲੈਣਾ ਚਾਹੀਦੀ ਹੈ। ਤਰਬੂਜ਼, ਖੀਰਾ, ਕੱਕੜੀ, ਸੰਤਰਾ ਵਰਗੇ ਫਲ ਵਧੇਰੇ ਲਓ ਅਤੇ ਤਲੀਆਂ ਅਤੇ ਮਸਾਲੇਦਾਰ ਚੀਜ਼ਾਂ ਤੋਂ ਬਚੋ। ਹਲਕੇ ਰੰਗਾਂ ਦੇ ਢਿੱਲੇ ਕੱਪੜੇ ਪਹਿਨੋ ਅਤੇ ਸਿਰ ਨੂੰ ਕੈਪ ਜਾਂ ਰੁਮਾਲ ਨਾਲ ਢਕੋ। ਜੇਕਰ ਜਰੂਰੀ ਨਾ ਹੋਵੇ ਤਾਂ ਦੁਪਹਿਰ 12 ਤੋਂ 4 ਵਜੇ ਦੇ ਵਿਚਕਾਰ ਘੱਟ ਤੋਂ ਘੱਟ ਬਾਹਰ ਜਾਓ। ਬਾਹਰ ਜਾਣ ਸਮੇਂ ਛਤਰੀ ਦੀ ਵਰਤੋ ਕਰਦੇ ਹੋਏ ਧੁੱਪ ਵਿੱਚ ਲੰਮਾ ਸਮਾਂ ਰਹਿਣ ਤੋਂ ਬਚਣਾ ਚਾਹੀਦਾ ਹੈ। ਘਰ ਨੂੰ ਠੰਢਾ ਰੱਖਣ ਲਈ ਪੱਖਾ/ਕੂਲਰ ਦੀ ਵਰਤੋ ਕਰੋ ਅਤੇ ਹਵਾ ਆਉਣ-ਜਾਣ ਲਈ ਖਿੜਕੀਆਂ ਖੁੱਲੀਆਂ ਰੱਖੋ। ਜੇ ਸਿਰ ਚਕਰਾਉਣ ਲੱਗੇ, ਬਹੁਤ ਪਸੀਨਾ ਆਵੇ ਜਾਂ ਬੇਹੋਸ਼ੀ ਮਹਿਸੂਸ ਹੋਵੇ ਤਾਂ ਤੁਰੰਤ ਠੰਢੀ ਜਗ੍ਹਾ ’ਤੇ ਜਾਓ। ਲੂ ਲੱਗਣ ਦੇ ਲੱਛਣ (ਤੇਜ਼ ਬੁਖਾਰ, ਚੱਕਰ, ਉਲਟੀ) ਹੋਣ ਤੇ ਡਾਕਟਰ ਨਾਲ ਸੰਪਰਕ ਕਰੋ। ਇਸ ਮੌਸਮ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਸੰਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਵਾਰ-ਵਾਰ ਪਾਣੀ ਪਿਲਾਉ ਅਤੇ ਧੁੱਪ ਤੋਂ ਬਚਾਓ।