ਮਹਾਂਨਗਰ ਦਾ ਪਾਰਾ ਹੋਇਆ 43 ਤੋਂ ਪਾਰ, ਅੱਜ ਮਿਲ ਸਕਦੀ ਹੈ ਗਰਮੀ ਤੋਂ ਰਾਹਤ
ਮਹਾਂਨਗਰ ਦਾ ਪਾਰਾ ਹੋਇਆ 43 ਤੋਂ ਪਾਰ, ਅੱਜ ਮੀਂਹ ਦੇ ਆਸਾਰ
Publish Date: Wed, 27 May 2026 06:28 PM (IST)
Updated Date: Thu, 28 May 2026 04:05 AM (IST)

ਫੋਟੋ ਨੰਬਰ-5,6,7,8 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਅੱਤ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਮਹਾਨਗਰ ’ਚ ਬੁੱਧਵਾਰ ਨੂੰ ਪਾਰਾ 43 ਡਿਗਰੀ ਤੋਂ ਪਾਰ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ ਤੋਂ ਹੀ ਤਿੱਖੀ ਧੁੱਪ ਤੇ ਗਰਮ ਹਵਾਵਾਂ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਦੁਪਹਿਰ ਸਮੇਂ ਸੜਕਾਂ ਤੇ ਬਾਜ਼ਾਰਾਂ ’ਚ ਆਵਾਜਾਈ ਘੱਟ ਵੇਖੀ ਗਈ, ਜਦਕਿ ਕਈ ਇਲਾਕਿਆਂ ’ਚ ਸੁੰਨਸਾਨ ਜਿਹਾ ਮਾਹੌਲ ਬਣਿਆ ਰਿਹਾ। ਮੌਸਮ ਵਿਭਾਗ ਨੇ ਲੂ ਵਰਗੀਆਂ ਤਪਤ ਹਵਾਵਾਂ ਕਾਰਨ ਲੋਕਾਂ ਨੂੰ ਦੁਪਹਿਰ ਦੇ ਸਮੇਂ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਨੇ ਵੀ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਵਧੇਰੇ ਸਾਵਧਾਨ ਰਹਿਣ ਲਈ ਕਿਹਾ ਹੈ। ਹਸਪਤਾਲਾਂ ਵਿੱਚ ਡੀਹਾਈਡਰੇਸ਼ਨ, ਚੱਕਰ ਆਉਣ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਤੀਬਰ ਗਰਮੀ ਦਾ ਅਸਰ ਰੋਜ਼ਾਨਾ ਦੀ ਜ਼ਿੰਦਗੀ ‘ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਦਿਨ ਦੇ ਸਮੇਂ ਚਾਹ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ‘ਤੇ ਗਾਹਕ ਘੱਟ ਵੇਖੇ ਜਾ ਰਹੇ ਹਨ, ਜਦਕਿ ਠੰਢੇ ਪੇਅ, ਗੰਨੇ ਦੇ ਰਸ, ਨਿੰਬੂ ਪਾਣੀ ਅਤੇ ਆਈਸਕ੍ਰੀਮ ਦੀਆਂ ਦੁਕਾਨਾਂ ‘ਤੇ ਲੋਕਾਂ ਦੀ ਭੀੜ ਲੱਗ ਰਹੀ ਹੈ। ਬਿਜਲੀ ਦੀ ਮੰਗ ਵਧਣ ਕਾਰਨ ਕਈ ਇਲਾਕਿਆਂ ਵਿੱਚ ਲੋਡ ਵੱਧਣ ਦੀ ਸਮੱਸਿਆ ਵੀ ਸਾਹਮਣੇ ਆ ਰਹੀ ਹੈ। ਲੋਕ ਗਰਮੀ ਤੋਂ ਬਚਣ ਲਈ ਕੂਲਰਾਂ ਅਤੇ ਏਸੀ ਦਾ ਸਹਾਰਾ ਲੈ ਰਹੇ ਹਨ। ਕਿਸਾਨਾਂ ਲਈ ਵੀ ਇਹ ਗਰਮੀ ਚਿੰਤਾ ਦਾ ਕਾਰਨ ਬਣ ਰਹੀ ਹੈ। ਖੇਤਾਂ ਵਿੱਚ ਕੰਮ ਕਰਨਾ ਔਖਾ ਹੋ ਗਿਆ ਹੈ ਅਤੇ ਪਸ਼ੂਆਂ ਨੂੰ ਵੀ ਇਸ ਤਪਸ਼ ਦਾ ਅਸਰ ਝੱਲਣਾ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਵਧਦਾ ਤਾਪਮਾਨ ਆਉਣ ਵਾਲੇ ਸਮੇਂ ਵਿੱਚ ਫਸਲਾਂ ਅਤੇ ਸਿਹਤ ਦੋਵਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਗਰਮੀ ਦੇ ਰਿਕਾਰਡ ਟੁੱਟ ਰਹੇ ਹਨ ਅਤੇ ਇਸ ਵਾਰ ਮਈ ਮਹੀਨੇ ਵਿੱਚ ਹੀ ਜੂਨ ਵਰਗੀ ਤਪਸ਼ ਮਹਿਸੂਸ ਹੋ ਰਹੀ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਜਨਤਕ ਥਾਵਾਂ ‘ਤੇ ਠੰਢੇ ਪਾਣੀ ਅਤੇ ਛਾਂ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਮਾਹਿਰਾਂ ਅਨੁਸਾਰ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ, ਹਲਕੇ ਰੰਗਾਂ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਤਿੱਖੀ ਧੁੱਪ ਤੋਂ ਬਚਣਾ ਚਾਹੀਦਾ ਹੈ। ਮੌਸਮ ਵਿਭਾਗ ਪੀਏਯੂ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਅੱਜ ਅਤੇ ਕੱਲ੍ਹ ਮੀਂਹ ਦੇ ਘੱਟ ਅਤੇ 30 ਮਈ ਨੂੰ ਮੀਂਹ ਦੇ ਵੱਧ ਆਸਾਰ ਹਨ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਕੁੱਤਿਆਂ ਨੂੰ ਵੀ ਗਰਮੀਆਂ ’ਚ ਠੰਢਾ ਵਾਤਾਵਰਣ ਦੇਣਾ ਬਹੁਤ ਜ਼ਰੂਰੀ : ਵੈਟਰਨਰੀ ਮਾਹਿਰ ਗਰਮੀਆਂ ਦਾ ਮੌਸਮ ਕੁੱਤੇ ਤੇ ਉਸ ਦੇ ਪਾਲਕ ਲਈ ਇਕੱਠਿਆਂ ਬਾਹਰ ਵਕਤ ਬਿਤਾਉਣ ਜਾਂ ਕਸਰਤ ਕਰਨ ਲਈ ਬੜਾ ਢੁੱਕਵਾਂ ਹੈ ਪਰ ਇੱਥੇ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਜ਼ਿਆਦਾ ਗਰਮੀ ’ਚ ਕੁੱਤੇ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਦੀ ਲੋੜ ਪੈਂਦੀ ਹੈ। ਇਹ ਵਿਚਾਰ ਡਾ. ਰਾਜਸੁਖਬੀਰ ਸਿੰਘ, ਪ੍ਰੋਫੈਸਰ, ਪਸ਼ੂ ਹਸਪਤਾਲ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਗਰਮੀ ਦੇ ਵੱਧਦੇ ਪ੍ਰਭਾਵ ਵਿੱਚ ਕੁੱਤਿਆਂ ਨੂੰ ਸਿਹਤਮੰਦ ਰੱਖਣ ਲਈ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਗਰਮੀ ਦਾ ਦੌਰਾ ਪੈਣਾ ਜਾਂ ਪਾਣੀ ਦੀ ਕਮੀ ਹੋ ਸਕਦੀ ਹੈ। ਕੁੱਤੇ ਦਾ ਸਰੀਰਕ ਤਾਪਮਾਨ 100.5 ਡਿਗਰੀ ਤੋਂ 102.5 ਫਾਰਨਹੀਟ ਤੱਕ ਰਹਿੰਦਾ ਹੈ। ਜੇਕਰ ਤਾਪਮਾਨ 105-106 ਡਿਗਰੀ ਤੱਕ ਪਹੁੰਚ ਜਾਵੇ ਤਾਂ ਇਹ ਗਰਮੀ ਦੇ ਦੌਰੇ ਵਿਚ ਤਬਦੀਲ ਹੋ ਜਾਂਦਾ ਹੈ। ਕੁੱਤਿਆਂ ਨੂੰ ਮਨੁੱਖਾਂ ਵਾਂਗ ਪਸੀਨਾ ਨਹੀਂ ਆਉਂਦਾ ਇਸ ਲਈ ਉਹ ਆਪਣਾ ਤਾਪਮਾਨ ਸਥਿਰ ਰੱਖਣ ਲਈ ਹੌਂਕਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਕੁੱਤਾ ਵਧੇਰੇ ਮੂੰਹ ਖੋਲ ਕੇ ਅਤੇ ਤੇਜ਼ ਸਾਹ ਨਾਲ ਕਿਰਿਆ ਕਰ ਰਿਹਾ ਹੋਵੇ ਤਾਂ ਮਾਲਕ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸਨੂੰ ਠੰਡਿਆਂ ਕਰਨ ਦੀ ਜਾਂ ਪਾਣੀ ਦੇਣ ਦੀ ਜ਼ਰੂਰਤ ਹੈ। ਜ਼ਿਆਦਾ ਬੁਖਾਰ ਹੋਣ ਦੀ ਸੂਰਤ ਵਿਚ ਕੁੱਤੇ ਦੇ ਅੰਗਾਂ ਨੂੰ ਪੱਕੇ ਤੌਰ ਤੇ ਨੁਕਸਾਨ ਹੋ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਗੰਭੀਰ ਹਾਲਤ ਹੋਣ ਤੋਂ ਪਹਿਲਾਂ ਵੈਟਰਨਰੀ ਡਾਕਟਰ ਦਾ ਮਸ਼ਵਰਾ ਲੈਣਾ ਜ਼ਰੂਰੀ ਬਣ ਜਾਂਦਾ ਹੈ। ਕਈ ਵਾਰ ਅਸੀਂ ਕੁੱਤਿਆਂ ਨੂੰ ਗਰਮ ਮੌਸਮ ਵਿੱਚ ਕਾਰ ਵਿਚ ਛੱਡ ਜਾਂਦੇ ਹਾਂ। ਕਾਰ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਵੱਧਣ ਲਗਦਾ ਹੈ ਅਤੇ ਭੱਠੀ ਵਾਂਗ ਹੋ ਜਾਂਦਾ ਹੈ। ਇਸ ਲਈ ਕੁੱਤੇ ਨੂੰ ਕਦੀ ਵੀ ਬੰਦ ਕਾਰ ਜਾਂ ਥੋੜ੍ਹੇ ਖੁੱਲੇ ਸ਼ੀਸ਼ਿਆਂ ਵਾਲੀ ਕਾਰ ਵਿੱਚ ਵੀ ਨਹੀਂ ਛੱਡਣਾ ਚਾਹੀਦਾ। ਡਾ. ਸਿੰਘ ਨੇ ਸੁਝਾਅ ਦਿੱਤਾ ਕਿ ਕਾਰ ਵਿੱਚ ਕਦੇ ਵੀ ਕੁੱਤੇ ਨੂੰ ਨਾ ਛੱਡੋ। ਬਹੁਤ ਭੱਜ ਦੌੜ ਵਾਲੀ ਕਸਰਤ ਜ਼ਿਆਦਾ ਗਰਮੀ ਵਿੱਚ ਨਾ ਕਰਵਾਈ ਜਾਏ। ਕੋਸ਼ਿਸ਼ ਕੀਤੀ ਜਾਏ ਕਿ ਛਾਂ ਵਿੱਚ ਰੁੱਖ ਥੱਲੇ ਰਿਹਾ ਜਾਏ। ਠੰਡਾ ਤਾਜ਼ਾ ਪਾਣੀ ਹਰ ਵੇਲੇ ਕੁੱਤੇ ਦੇ ਕੋਲ ਹੋਣਾ ਚਾਹੀਦਾ ਹੈ। ਗਰਮੀ ਦਾ ਦੌਰਾ ਪੈਣ ਤੇ ਉਸਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜੇ ਕੁੱਤਾ ਆਨੰਦ ਮਹਿਸੂਸ ਕਰਦਾ ਹੋਵੇ ਤਾਂ ਕਿਸੇ ਟੱਬ ਵਿਚ ਪਾਣੀ ਭਰ ਕੇ ਉਸ ਵਿਚ ਵੀ ਛੱਡਿਆ ਜਾ ਸਕਦਾ ਹੈ। ਮਾਲਕ ਕੋਸ਼ਿਸ਼ ਕਰਨ ਕਿ ਉਨ੍ਹਾਂ ਦਾ ਕੁੱਤਾ ਉਨ੍ਹਾਂ ਦੀ ਨਜ਼ਰ ਦੇ ਸਾਹਮਣੇ ਹੀ ਰਹੇ। ਇੰਝ ਗਰਮੀਆਂ ਵਿੱਚ ਅਸੀਂ ਆਪਣੇ ਕੁੱਤੇ ਨੂੰ ਖੁਸ਼ੀ ਤੇ ਆਨੰਦ ਵਾਲਾ ਮਾਹੌਲ ਦੇ ਸਕਦੇ ਹਾਂ।