ਸ੍ਰੀ ਪਾਉਂਟਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖ ਇਤਿਹਾਸ ਦੀ ਗੌਰਵਸ਼ਾਲੀ ਵਿਰਾਸਤ : ਮਕੱੜ
ਸ੍ਰੀ ਪਾਉਂਟਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖ ਇਤਿਹਾਸ ਦੀ ਗੌਰਵਸ਼ਾਲੀ ਵਿਰਾਸਤ- ਪ੍ਰਧਾਨ ਇੰਦਰਜੀਤ ਸਿੰਘ ਮਕੱੜ
Publish Date: Fri, 22 May 2026 11:16 PM (IST)
Updated Date: Fri, 22 May 2026 11:19 PM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰ੍ਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ। ਜਿਸ ਅੰਦਰ ਵਿਸ਼ੇਸ਼ ਤੌਰ ਤੇ ਗੁਰੂ ਘਰ ਦੇ ਕੀਰਤਨੀ ਜੱਥੇ ਸਮੇਤ ਹਜ਼ਰੀ ਭਰਨ ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਕੀਰਤਨ ਸਮਾਗਮ ਅੰਦਰ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮਕੱੜ ਨੇ ਕਿਹਾ ਕਿ ਸ੍ਰੀ ਪਾਉਂਟਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖ ਇਤਿਹਾਸ ਦੀ ਗੌਰਵਸ਼ਾਲੀ ਵਿਰਾਸਤ ਹੈ। ਜੋ ਸਾਨੂੰ ਵਰਤਮਾਨ ਵਿੱਚ ਵੀ ਹਰ ਪ੍ਰਕਾਰ ਦੇ ਸਮਕਾਲੀ ਜ਼ਬਰ, ਜ਼ੁਲਮ ਤੇ ਅਨਿਆਂ ਵਿਰੁੱਧ ਅੜਨ, ਲੜਨ ਤੇ ਹੱਕ ਸੱਚ ਦੀ ਸਥਾਪਤੀ ਲਈ ਤਨਦੇਹੀ ਨਾਲ ਯਤਨਸ਼ੀਲ ਹੋਣ ਲਈ ਪ੍ਰੇਰਨਾ ਬਖਸ਼ਦਾ ਹੈ। ਉਨ੍ਹਾਂ ਨੇ ਸ੍ਰੀ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਵੱਲੋਂ ਆਰੰਭੇ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤਾਂ ਨੂੰ ਆਪਣਾ ਸਿੱਜਦਾ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜੋਕੇ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਆਪਣੇ ਗੌਰਵਸ਼ਾਲੀ ਇਤਿਹਾਸ ਅਤੇ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਸਿਮਰਨ ਤੇ ਸ਼ਕਤੀ ਦੇ ਸਕੰਲਪ ਦੇ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸਾਂਝੇ ਤੌਰ ਤੇ ਕੀਰਤਨੀ ਜੱਥੇ ਦੇ ਮੈਂਬਰਾਂ ਨੂੰ ਸਿਰਪਾਓ ਭੇਟ ਕੀਤੇ ਗਏ। ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਹਰਪਾਲ ਸਿੰਘ ਖਾਲਸਾ, ਬਲਬੀਰ ਸਿੰਘ ਭਾਟੀਆ, ਹਰਵਿੰਦਰ ਸਿੰਘ ਕੋਹਲੀ, ਹਰਮੀਤ ਸਿੰਘ ਡੰਗ, ਗੁਰਦੀਪ ਸਿੰਘ ਡੀਮਾਰਟੇ, ਭੁਪਿੰਦਰ ਸਿੰਘ ਜੁਨੇਜਾ, ਖੁਸ਼ਹਾਲ ਸਿੰਘ, ਜੋਗਿੰਦਰ ਸਿੰਘ ਸਲੂਜਾ, ਅਵਤਾਰ ਸਿੰਘ ਮਿੱਢਾ, ਅਵਤਾਰ ਸਿੰਘ ਬੀ ਕੇ ਵਿਸੇਸ਼ ਤੌਰ ਤੇ ਹਾਜ਼ਰ ਸਨ।