ਔਰਤ ਸਮੇਤ ਤਿੰਨ ’ਤੇ ਕੁੱਟਮਾਰ ਤੇ ਧਮਕੀਆਂ ਦੇ ਦੋਸ਼
ਤਲਵੰਡੀ ਕਲਾਂ ਵਿੱਚ ਜ਼ਮੀਨੀ ਵਿਵਾਦ ਨੇ ਧਾਰਨ ਕੀਤਾ ਹਿੰਸਕ ਰੂਪ
Publish Date: Fri, 01 May 2026 06:22 PM (IST)
Updated Date: Fri, 01 May 2026 06:23 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਥਾਣਾ ਲਾਡੋਵਾਲ ਅਧੀਨ ਪਿੰਡ ਤਲਵੰਡੀ ਕਲਾਂ ਵਿਚ ਜ਼ਮੀਨੀ ਵਿਵਾਦ ਕਾਰਨ ਤਣਾਅ ਉਸ ਵੇਲੇ ਵਧ ਗਿਆ ਜਦੋਂ ਇਕ ਪਰਿਵਾਰ ਦੇ ਮੈਂਬਰਾਂ ਨਾਲ ਕਥਿਤ ਤੌਰ ‘ਤੇ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਪਿੰਡ ਤਲਵੰਡੀ ਕਲਾਂ ਦੀ ਵਾਸੀ ਸੰਦੀਪ ਕੌਰ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਬੀਤੇ ਦਿਨੀ ਉਸਦਾ ਭਤੀਜਾ ਜ਼ਮੀਨ ‘ਤੇ ਗਿਆ ਹੋਇਆ ਸੀ। ਉੱਥੇ ਮੁਲਜ਼ਮ ਅਸ਼ੋਕ ਕੁਮਾਰ ਜ਼ਮੀਨ ‘ਤੇ ਪਾਣੀ ਲਗਾ ਰਿਹਾ ਸੀ। ਭਤੀਜੇ ਨੇ ਉਸਨੂੰ ਪਾਣੀ ਲਾਉਣ ਤੋਂ ਰੋਕਿਆ ਤਾਂ ਅਸ਼ੋਕ ਕੁਮਾਰ ਨੇ ਗੁੱਸੇ ਵਿੱਚ ਆ ਕੇ ਲੋਹੇ ਦਾ ਹਥਿਆਰ ਚੁੱਕ ਲਿਆ ਅਤੇ ਉਸਦੇ ਪਿੱਛੇ ਦੌੜਿਆ। ਇਸ ਤੋਂ ਬਾਅਦ ਭਤੀਜਾ ਘਰ ਵਾਪਸ ਆ ਗਿਆ ਅਤੇ ਸਾਰੀ ਘਟਨਾ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਸ਼ਿਕਾਇਤਕਰਤਾ ਦੇ ਮੁਤਾਬਕ, ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਕੇ ‘ਤੇ ਗਈ ਅਤੇ ਅਸ਼ੋਕ ਕੁਮਾਰ ਨਾਲ ਜ਼ਮੀਨ ਦੀ ਮਾਪਤੋਲ ਕਰਵਾਉਣ ਦੀ ਗੱਲ ਕੀਤੀ, ਪਰ ਉਸਨੇ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ ਅਸ਼ੋਕ ਕੁਮਾਰ ਨੇ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਪਤਨੀ ਔਰਮੀਲਾ ਦੇਵੀ ਅਤੇ ਨੂੰਹ ਗੁਰਸ਼ਰਨ ਕੌਰ ਨੂੰ ਵੀ ਮੌਕੇ ‘ਤੇ ਬੁਲਾ ਲਿਆ। ਤਿੰਨਾਂ ਨੇ ਮਿਲ ਕੇ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ। ਘਟਨਾ ਤੋਂ ਬਾਅਦ ਪੀੜਤ ਪੱਖ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਲਾਡੋਵਾਲ ਦੀ ਪੁਲਿਸ ਨੇ ਧਾਰਾ 115(2), 126(2), 351(3) ਅਤੇ 3(5) ਬੀਐਨਐੱਸ ਅਧੀਨ ਅਸ਼ੋਕ ਕੁਮਾਰ, ਔਰਮੀਲਾ ਦੇਵੀ ਅਤੇ ਗੁਰਸ਼ਰਨ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।