ਪੈਟਰੋਲ ,ਡੀਜ਼ਲ ਤੇ ਗੈਸ ਕੀਮਤਾਂ 'ਚ ਵਾਧਾ ਵਾਪਸ ਲਿਆ ਜਾਵੇ -ਕਿਸਾਨ ਜਥੇਬੰਦੀ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਨੇੜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਕੀਮਤਾਂ ਵਿੱਚ ਵਾਧੇ ਨੂੰ ਫੌਰੀ ਵਾਪਸ ਲੈਣ ਦੀ ਪੁਰਜੋਰ ਮੰਗ ਕੀਤੀ ਗਈ ਹੈ।
ਵਰਨਣਯੋਗ ਹੈ ਕਿ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਰੂਸ ਨੇ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ (65 - 70 ਡਾਲਰ ਪ੍ਰਤੀ ਬੈਰਲ) ਦੇ ਬਾਵਜੂਦ ਭਾਰਤ ਨੂੰ ਤਕਰੀਬਨ ਅੱਧੇ ਮੁੱਲ 'ਤੇ ਕੱਚਾ ਤੇਲ ਸਪਲਾਈ ਕੀਤਾ ਹੈ ਜੋ ਕਿ ਤੇਲ ਦੀ ਕੁੱਲ ਵਿਦੇਸ਼ੀ ਦਰਾਮਦ ਦਾ 70 ਫ਼ੀਸਦੀ ਦੇ ਕਰੀਬ ਬਣਦਾ ਹੈ ਪ੍ਰੰਤੂ ਨਿੱਜੀ ਕਾਰਪੋਰੇਟਾਂ ਤੇ ਸਰਕਾਰੀ ਕੰਪਨੀਆਂ ਨੇ ਭਾਰਤੀ ਲੋਕਾਂ ਨੂੰ ਪੈਟਰੋਲ ਪੰਪਾਂ ਤੋਂ ਵੇਚੇ ਤੇਲ ਦਾ 1 ਰੁਪਿਆ ਤਾਂ ਕੀ 1 ਪੈਸਾ ਵੀ ਘੱਟ ਨਹੀਂ ਸੀ ਕੀਤਾ। ਕੇਵਲ ਪਿਛਲੀ ਤਿਮਾਹੀ (ਜਨਵਰੀ- ਮਾਰਚ 26) 'ਚ ਸਰਕਾਰੀ ਕੰਪਨੀਆਂ ਨੇ 19470 ਕਰੋੜ ਰੁਪਈਏ ਤੇ ਪ੍ਰਾਈਵੇਟ ਕਾਰਪੋਰੇਟਾਂ ਨੇ ਕਰੀਬ 30, 000 ਕਰੋੜ ਰੁਪਏ ਤੋਂ ਵੱਧ ਮੁਨਾਫਾ ਕਮਾਇਆ ਹੈ। ਇਸ ਤਰ੍ਹਾਂ ਸਾਢੇ ਤਿੰਨ ਸਾਲਾਂ 'ਚ 7 ਲੱਖ ਕਰੋੜ ਰੁਪਈਏ ਤੋਂ ਉੱਪਰ ਸ਼ੁੱਧ ਮੁਨਾਫਾ ਖੱਟਿਆ ਹੈ। ਅੱਜ ਕੌਮਾਂਤਰੀ ਕੀਮਤਾਂ 'ਚ ਥੋੜਾ ਵਾਧਾ ਹੋਣ ਉਪਰੰਤ ਆਮ ਲੋਕਾਂ ਸਿਰ ਵੱਡਾ ਬੋਝ ਲੱਦ ਦਿੱਤਾ ਹੈ ਅਤੇ ਹੋਰ ਲੱਦਣ ਦੀ ਤਿਆਰੀ ਹੈ ਜਿਸ ਨੂੰ ਕਦਾ ਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਇਹ ਤੇਲ ਕਾਰਪੋਰੇਟਾਂ ਲਈ ਅੰਨੇ ਮੁਨਾਫੇ ਯਕੀਨੀ ਬਣਾਉਣ ਵਾਲਾ ਤੇ ਆਮ ਲੋਕਾਂ ਦੀਆਂ ਜੇਬਾਂ ਕੱਟਣ ਵਾਲਾ ਵਾਧਾ ਫੌਰੀ ਵਾਪਸ ਲੈ ਕੇ ਸਮੁੱਚੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਦੂਜੇ ਮਤੇ ਰਾਹੀਂ ਕੇਂਦਰ ਦੀ ਮੋਦੀ ਹਕੂਮਤ ਪਾਸੋਂ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਉਹ ਅਮਰੀਕੀ ਸਾਮਰਾਜਵਾਦ ਤੇ ਇਜਰਾਇਲ ਦੀ ਦਲਾਲੀ ਤੇ ਦਾਬੇ ਤੋਂ ਬਾਹਰ ਆ ਕੇ ਰੂਸ ਤੇ ਇਰਾਨ ਨਾਲ ਬਰਾਬਰੀ ਦੇ ਅਧਾਰ 'ਤੇ ਦੋਸਤਾਨਾ ਸੰਬੰਧ ਸਥਾਪਿਤ ਕਰਕੇ ਉਪਲਬਧ ਸਸਤੇ ਕੱਚੇ ਪੈਟਰੋਲੀਅਮ ਅਤੇ ਗੈਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਵੇ। ਤੀਜੇ ਮਤੇ ਰਾਹੀਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਨੂੰ ਪੁਰਜੋਰ ਅਪੀਲ ਕੀਤੀ ਗਈ ਕਿ ਉਹ ਸਮੂਹ ਕਿਸਾਨ ਮੋਰਚਿਆਂ ਤੇ ਕੁੱਲ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਨੌਜਵਾਨ ਜਥੇਬੰਦੀਆਂ ਦਾ ਵਿਸ਼ਾਲ ਸਾਂਝਾ ਪਲੇਟਫਾਰਮ ਉਸਾਰ ਕੇ ਤੇਲ ਦੇ ਇਸ ਲੋਕ ਮਾਰੂ ਆਰਥਿਕ ਹਮਲੇ ਵਿਰੁੱਧ ਵਿਸ਼ਾਲ ਤੇ ਤਿੱਖੀ ਲੋਕ ਲਹਿਰ ਦੀ ਉਸਾਰੀ ਯਕੀਨੀ ਬਣਾਵੇ।
ਅੱਜ ਦੀ ਮੀਟਿੰਗ 'ਚ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਨਿਰਭੈ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਲਛਮਣ ਸਿੰਘ ਸਿੱਧਵਾਂ, ਗੁਰਦੇਵ ਸਿੰਘ ਢੱਟ ਤੇਜਿੰਦਰ ਸਿੰਘ ਵਿਰਕ, ਪ੍ਰਿਤਪਾਲ ਸਿੰਘ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ।