ਪੀਏਯੂ ਦੇ ਅਜਾਇਬ ਘਰ ’ਚ ਸਮੋਇਆ ਹੈ ਪੰਜਾਬ ਦਾ ਇਤਿਹਾਸ-ਖੁੱਡੀਆ

-ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਕੀਤਾ ਗਿਆ ਪੀਏਯੂ ਦੇ ਸੱਭਿਆਚਾਰਕ ਕੇਂਦਰ ਦਾ ਦੌਰਾ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ ਨੇ ਜਿੱਥੇ ਇੱਕ ਪਾਸੇ ਖੇਤੀ ਖੋਜ ਅਤੇ ਪਸਾਰ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ, ਖੇਤੀ ਵਿਗਿਆਨੀ ਪੈਦਾ ਕੀਤੇ ਅਤੇ ਦੇਸ਼ ਲਈ ਵਾਧੂ ਅਨਾਜ ਭਰਨ ਦਾ ਮੁੱਢ ਬੰਨਿਆ ਉੱਥੇ ਪੰਜਾਬ ਦੇ ਕਿਸਾਨੀ ਇਤਿਹਾਸ ਨੂੰ ਸੱਭਿਆਚਾਰ ਦੇ ਰੂਪ ਵਿੱਚ ਸੰਭਾਲਣ ਦਾ ਵੱਡਮੁੱਲਾ ਕਾਰਜ ਵੀ ਕੀਤਾ ਹੈ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੀਏਯੂ. ਵਿਖੇ ਸਥਾਪਿਤ ਪੇਂਡੂ ਜੀਵਨ ਅਤੇ ਸੱਭਿਆਚਾਰ ਦੇ ਅਜਾਇਬ ਘਰ ਦਾ ਵਿਸ਼ੇਸ਼ ਦੌਰਾ ਕਰਨ ਮੌਕੇ ਕੀਤਾ।ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਕਿਸਾਨੀ ਸੱਭਿਆਚਾਰ ਦੇ ਇਤਿਹਾਸਕ ਰਖ-ਰਖਾਵ ਲਈ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਇਸ ਸ਼ਾਨਦਾਰ ਸਮਾਰਕ ਦੀ ਸ਼ਲਾਘਾ ਕੀਤੀ।
ਉਨ੍ਹਾਂ ਪੁਰਾਤਨ ਪੰਜਾਬ ਦੇ ਕਿੱਤਿਆਂ, ਬਰਤਨਾਂ, ਵਸਤਰਾਂ ਅਤੇ ਖੇਤੀ ਔਜ਼ਾਰਾਂ ਨੂੰ ਗਹੁ ਨਾਲ ਵਾਚਿਆ ਅਤੇ ਇਸ ਗੱਲ ਉੱਪਰ ਖੁਸ਼ੀ ਪ੍ਰਗਟਾਈ ਕਿ ਇਸ ਇਮਾਰਤ ਵਿੱਚ ਪੰਜਾਬ ਦਾ ਬੀਤੀਆਂ ਕਈ ਸਦੀਆਂ ਦਾ ਇਤਿਹਾਸ ਸਮੋਇਆ ਹੋਇਆ ਹੈ। ਖੁੱਡੀਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਇਸ ਥਾਂ ਲਿਆ ਕੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਤੋਂ ਜਾਣੂੰ ਕਰਵਾਉਣ। ਇਸ ਮੌਕੇ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਡਾ. ਰੰਧਾਵਾ ਦੇ ਕਾਰਜਕਾਲ ਦੌਰਾਨ ਇਸ ਅਜਾਇਬ ਘਰ ਦੀ ਨੀਂਹ ਰੱਖੀ ਗਈ ਸੀ ਪਰ ਬੀਤੇ ਛੇ ਦਹਾਕਿਆਂ ਦੌਰਾਨ ਇਸਨੂੰ ਅਜੋਕਾ ਰੂਪ ਦੇਣ ਲਈ ਨਿਰੰਤਰ ਯਤਨ ਚੱਲਦੇ ਰਹੇ। ਡਾ. ਗੋਸਲ ਨੇ ਕਿਹਾ ਕਿ ਓਨੀ ਦੇਰ ਤੱਕ ਸੂਝਵਾਨ ਪੀੜੀਆਂ ਦੀ ਸਿਰਜਣਾ ਨਹੀਂ ਹੋ ਸਕਦੀ ਜਦੋਂ ਤੱਕ ਭਵਿੱਖ ਦੇ ਲੋਕਾਂ ਨੂੰ ਇਤਿਹਾਸ ਬਾਰੇ ਜਾਨਣ ਦਾ ਵਸੀਲਾ ਨਾ ਬਣਾਇਆ ਜਾਵੇ। ਇਹ ਅਜਾਇਬ ਘਰ ਸਾਡੇ ਇਤਿਹਾਸ ਵੱਲ ਖੁੱਲਦੀ ਖਿੜਕੀ ਹੈ ਜਿਸ ਵਿੱਚੋਂ ਸਾਡੇ ਬਜ਼ੁਰਗਾਂ ਦੀ ਘਾਲੀ ਘਾਲਣਾ ਦੇ ਝਲਕਾਰੇ ਮਿਲਦੇ ਹਨ। ਖੇਤੀਬਾੜੀ ਮੰਤਰੀ ਦੇ ਇਸ ਦੌਰੇ ਦੌਰਾਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਅਜਾਇਬ ਘਰ ਨੂੰ ਪੰਜਾਬ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵੱਲੋਂ ਵਿਸ਼ੇਸ਼ ਯਾਤਰੂ ਸਥਾਨ ਵਜੋਂ ਮਾਨਤਾ ਦੇਣ ਅਤੇ ਉਸ ਤੋਂ ਬਾਅਦ ਇਸਦੇ ਸੁੰਦਰੀਕਰਨ ਲਈ ਹੋਏ ਕਾਰਜਾਂ ਦਾ ਉਲੇਖ ਕੀਤਾ। ਡਾ. ਰਿਆੜ ਨੇ ਦੱਸਿਆ ਕਿ ਬੀਤੇ ਕੁੱਝ ਸਮੇਂ ਵਿੱਚ ਹੀ ਲੱਖਾਂ ਦੀ ਗਿਣਤੀ ’ਚ ਸਕੂਲੀ ਵਿਦਿਆਰਥੀਆਂ ਨੇ ਇਸ ਅਜਾਇਬ ਘਰ ਨੂੰ ਆਪਣੇ ਅਧਿਆਪਕਾਂ ਨਾਲ ਆ ਕੇ ਦੇਖਿਆ ਹੈ। ਉਨ੍ਹਾਂ ਅਜਾਇਬ ਘਰ ਵਿੱਚ ਸਥਾਪਿਤ ਵੱਖ-ਵੱਖ ਵਸਤੂਆਂ ਬਾਰੇ ਜਾਣਕਾਰੀ ਦਿੱਤੀ।
---
ਇਤਿਹਾਸ ਕਲਾਕ੍ਰਿਤਾਂ ਨੂੰ ਦਰਸਾਉਂਦੀ ਕਿਤਾਬ ਕੀਤੀ ਰਿਲੀਜ਼
ਇਸ ਮੌਕੇ ਪੀਏਯੂ ਵਿੱਚ ਸਥਾਪਿਤ ਕਲਾਕ੍ਰਿਤਾਂ ਨਾਂ ਦੀ ਸੰਚਾਰ ਕੇਂਦਰ ਵੱਲੋਂ ਪ੍ਰਕਾਸ਼ਿਤ ਅਤੇ ਡਾ. ਜਗਵਿੰਦਰ ਸਿੰਘ ਅਤੇ ਡਾ. ਤੇਜਿੰਦਰ ਸਿੰਘ ਰਿਆੜ ਵੱਲੋਂ ਲਿਖੀ ਕਿਤਾਬ ਦੇ ਲੋਕ ਅਰਪਣ ਦੀ ਰਸਮ ਵੀ ਖੇਤੀਬਾੜੀ ਮੰਤਰੀ ਅਤੇ ਵਾਈਸ ਚਾਂਸਲਰ ਨੇ ਨਿਭਾਈ। ਇਸ ਕਿਤਾਬ ਵਿੱਚ ਪੀਏਯੂ ਦੇ ਸਮਾਰਕਾਂ ਦੇ ਨਾਲ-ਨਾਲ ਇਤਿਹਾਸ ਕਲਾਕ੍ਰਿਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਸੰਪਾਦਕ ਪੰਜਾਬੀ ਡਾ. ਜਗਵਿੰਦਰ ਸਿੰਘ ਨੇ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਤੋਤਾ ਸਿੰਘ ਦੀਨਾ ਸਮੇਤ ਪੀਏਯੂ. ਦੇ ਸੰਚਾਰ ਕੇਂਦਰ ਦੇ ਮੁਲਾਜ਼ਮ ਮੌਜੂਦ ਸਨ।