ਕੌਫੀ ਟੇਬਲ ਕਿਤਾਬ ਆਮ ਲੋਕਾਂ ਤੱਕ ਵਿਗਿਆਨਿਕ ਜਾਣਕਾਰੀ ਪਹੁੰਚਾਉਣ ਦਾ ਮਾਧਿਅਮ-ਅਰੋੜਾ

-ਪੀਏਯੂ ਵੱਲੋਂ ਇਜ਼ਾਦ ਕਣਕ ਦੀਆਂ ਕਿਸਮਾਂ ਬਾਰੇ ਲੋਕ ਅਰਪਣ ਕੀਤੀ ਗਈ ਕਿਤਾਬ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਪੀਏਯੂ ਵੱਲੋਂ ਲਗਾਤਾਰ ਮਿਆਰੀ ਸਾਹਿਤ ਪ੍ਰਕਾਸ਼ਿਤ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾਣਾ ਸ਼ੁੱਭ ਸ਼ਗਨ ਹੈ। ਸ਼ਨਿੱਚਰਵਾਰ ਨੂੰ ਇਹ ਪ੍ਰਗਟਾਵਾ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਉਦਯੋਗ ਅਤੇ ਵਣਜ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪੀਏਯੂ ਦੇ ਵਾਈਸ ਚਾਂਸਲਰ ਕਮੇਟੀ ਹਾਲ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਕੌਫੀ ਟੇਬਲ ਕਿਤਾਬ ' ਪੰਜਾਬ ਦੇ ਕਣਕ ਦੇ ਖੇਤ - ਵਿਸਾਖੀ ਦੀ ਆਤਮਾ' ਲੋਕ ਅਰਪਣ ਕਰਨ ਸਮੇਂ ਕੀਤਾ। ਉਨ੍ਹਾਂ ਕਣਕ ਦੀਆਂ ਕਿਸਮਾਂ ਬਾਰੇ ਇਸ ਕੌਫੀ ਟੇਬਲ ਕਿਤਾਬ ਦੇ ਪ੍ਰਕਾਸ਼ਨ ਨੂੰ ਆਮ ਲੋਕਾਂ ਤੱਕ ਉਹ ਵਿਗਿਆਨਿਕ ਜਾਣਕਾਰੀ ਪਹੁੰਚਾਉਣ ਦਾ ਮਾਧਿਅਮ ਕਿਹਾ ਜੋ ਅੱਜ ਤੱਕ ਜਨਤਕ ਤੌਰ ਤੇ ਕਿਸਾਨਾਂ ਅਤੇ ਖਾਸ ਖੇਤਰ ਤੱਕ ਹੀ ਮੁਹੱਈਆ ਰਹੀ ਹੈ।
ਅਰੋੜਾ ਨੇ ਕਿਹਾ ਕਿ ਸੂਚਨਾ ਅਤੇ ਪ੍ਰਚਾਰ ਦੇ ਇਸ ਦੌਰ ਵਿੱਚ ਇਸ ਕੌਫੀ ਟੇਬਲ ਕਿਤਾਬ ਰਾਹੀਂ ਪੇਸ਼ ਹੋਣ ਵਾਲੀ ਕਣਕ ਦੀਆਂ ਕਿਸਮਾਂ ਸਬੰਧੀ ਜਾਣਕਾਰੀ ਜਦੋਂ ਸਮਾਜ ਵਿੱਚ ਪੁੱਜੇਗੀ ਤਾਂ ਯਕੀਨੀ ਤੌਰ ਤੇ ਪੀਏਯੂ ਦੇ ਮਹਾਤਮ ਵਿੱਚ ਵਾਧਾ ਹੋਵੇਗਾ। ਇਸ ਮੌਕੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਤਿੰਦਰਪਾਲ ਸਿੰਘ ਗਿੱਲ, ਅਵਤਾਰ ਸਿੰਘ ਢੀਂਡਸਾ,ਉੱਘੇ ਗੀਤਕਾਰ ਸ਼ਮਸ਼ੇਰ ਸੰਧੂ, ਪ੍ਰੋ ਗੁਰਭਜਨ ਸਿੰਘ ਗਿੱਲ ਅਤੇ ਡਾ. ਨਿਰਮਲ ਸਿੰਘ ਜੌੜਾ ਸਮੇਤ ਪੀਏਯੂ ਦੇ ਉੱਚ ਅਧਿਕਾਰੀ,ਕਿਸਾਨ ਕਲੱਬ ਅਤੇ ਜੈਵਿਕ ਕਿਸਾਨ ਕਲੱਬ ਦੇ ਪ੍ਰਧਾਨ, ਹੋਰ ਕਿਸਾਨ ਅਤੇ ਵੱਖ ਵੱਖ ਅਹੁਦੇਦਾਰ ਮੌਜੂਦ ਸਨ। ਪੀਏਯੂ ਵੱਲੋਂ ਵਿਕਸਿਤ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ ਨੂੰ ਤਸਵੀਰਾਂ ਦੇ ਰੂਪ ਵਿੱਚ ਇੱਕ ਦਸਤਾਵੇਜ਼ ਵਜੋਂ ਪੇਸ਼ ਕਰਦੀ ਇਸ ਕਿਤਾਬ ਨੂੰ ਪੀਏਯੂ ਦੇ ਸੰਚਾਰ ਕੇਂਦਰ ਵੱਲੋਂ ਪੰਜਵੀਂ ਕੌਫੀ ਟੇਬਲ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਸਦੇ ਸੰਪਾਦਕ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਹਨ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੀਏਯੂ ਨੇ ਵਾਤਾਵਰਨ ਦੀ ਸੰਭਾਲ ਲਈ ਲਾਸਾਨੀ ਕਾਰਜ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਪੀਏਯੂ ਦੇ ਹਰੇ ਭਰੇ ਕੈਂਪਸ ਨੂੰ ਸਮਾਜ ਲਈ ਆਦਰਸ਼ ਅਤੇ ਪ੍ਰੇਰਨਾਦਾਇਕ ਕਹਿੰਦਿਆਂ ਕਿਹਾ ਕਿ ਹਰਿਆਲੀ ਅਤੇ ਵਾਤਾਵਰਨ ਦਾ ਇਹ ਸੁਨੇਹਾ ਸਮਾਜ ਤੱਕ ਪਹੁੰਚਾਉਣ ਦਾ ਸਹੀ ਸਮਾਂ ਆ ਗਿਆ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਜਦੋਂ ਦੇਸ਼ ਅਨਾਜ ਦੀ ਕਮੀ ਨਾਲ ਜੂਝ ਰਿਹਾ ਸੀ ਅਤੇ ਕਣਕ ਦੀ ਪੂਰਤੀ ਲਈ ਅਸੀਂ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਅਨਾਜ ਉੱਪਰ ਨਿਰਭਰ ਸਾਂ ਤਾਂ ਪੰਜਾਬ ਦੇ ਕਿਸਾਨਾਂ ਅਤੇ ਪੀਏਯੂ ਦੇ ਵਿਗਿਆਨੀਆਂ ਨੇ ਰਲ ਕੇ ਅਜਿਹਾ ਹੰਭਲਾ ਮਾਰਿਆ ਕਿ ਦੇਸ਼ ਵਿੱਚ ਵਾਧੂ ਅਨਾਜ ਪੈਦਾ ਕੀਤਾ। ਡਾ ਗੋਸਲ ਨੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ 66 ਦੇ ਕਰੀਬ ਕਣਕ ਦੀਆਂ ਕਿਸਮਾਂ ਪੈਦਾ ਕੀਤੀਆਂ ਹਨ ਜੋ ਰਾਸ਼ਟਰੀ ਪੱਧਰ ਤੇ ਵੀ ਕਾਸ਼ਤ ਲਈ ਪਛਾਣੀਆਂ ਗਈਆਂ। ਇਸ ਕੌਫੀ ਟੇਬਲ ਕਿਤਾਬ ਵਿੱਚ ਇੰਨਾਂ ਵਿੱਚੋਂ ਬਹੁਤੀਆਂ ਕਿਸਮਾਂ ਦੀਆਂ ਤਸਵੀਰਾਂ ਦਰਜ ਕੀਤੀਆਂ ਗਈਆਂ ਹਨ। ਡਾ ਗੋਸਲ ਨੇ ਇਹ ਵੀ ਕਿਹਾ ਕਿ ਆਉਂਦੇ ਸਮੇਂ ਵਿੱਚ ਵੀ ਪੀਏਯੂ ਮੰਡੀ ਅਤੇ ਪੋਸ਼ਣ ਦੀਆਂ ਲੋੜਾਂ ਅਨੁਸਾਰ ਕਣਕ ਦੀਆਂ ਕਿਸਮਾਂ ਸਬੰਧੀ ਖੋਜ ਕਰਦੀ ਰਹੇਗੀ। ਇਸ ਪੱਖੋਂ ਉਹਨਾਂ ਨੇ ਜ਼ਿੰਕ ਤੱਤਾਂ ਵਾਲੀਆਂ ਕਿਸਮਾਂ ਅਤੇ ਪੀਏਯੂ ਬਿਸਕਿਟ- 1 ਦਾ ਹਵਾਲਾ ਵੀ ਦਿੱਤਾ। ਇਸ ਕੌਫੀ ਟੇਬਲ ਕਿਤਾਬ ਦੇ ਸੰਪਾਦਕ ਹਰਪ੍ਰੀਤ ਸੰਧੂ ਨੇ ਕਿਹਾ ਕਿ ਕਣਕ ਦੀਆਂ ਕਿਸਮਾਂ ਦੀ ਖੋਜ ਅਸਲ ਵਿੱਚ ਸੁਨਹਿਰੀ ਰੌਸ਼ਨੀ ਦੀ ਖੋਜ ਹੈ ਜੋ ਪੀਏਯੂ ਦੀਆਂ ਲੈਬੋਟਰੀਆਂ ਤੋਂ ਲੈ ਕੇ ਪੰਜਾਬ ਦੇ ਖੇਤਾਂ ਤੱਕ ਫੈਲੀ ਹੈ। ਪੀਏਯੂ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਇਸ ਸਮਾਰੋਹ ਵਿੱਚ ਸਵਾਗਤ ਦੇ ਸ਼ਬਦ ਕਹਿੰਦਿਆਂ ਪੀਏਯੂ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਸਾਹਿਤ ਬਾਰੇ ਵੇਰਵਾ ਦਿੱਤਾ। ਡਾ. ਰਿਆੜ ਨੇ ਕਿਹਾ ਕਿ ਯੂਨੀਵਰਸਿਟੀ ਦੀ ਖੋਜ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਵਰਗ ਅਤੇ ਖੇਤਰ ਨਾਲ ਸੰਬੰਧਿਤ ਵਿਗਿਆਨਿਕ ਦਿਸ਼ਾ ਵਾਲਾ ਸਾਹਿਤ ਪ੍ਰਕਾਸਿਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ਨੇ ਕਿਸਾਨੀ ਅਤੇ ਪੀਏਯੂ ਦੇ ਸਥਿਰ ਸੰਬੰਧਾਂ ਬਾਰੇ ਚਾਰ ਕੌਫੀ ਟੇਬਲ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਇਸੇ ਪ੍ਰਸੰਗ ਵਿੱਚ ਇਹ ਕਿਤਾਬ ਪੀਏਯੂ ਦੀਆਂ ਕਣਕ ਦੀਆਂ ਕਿਸਮਾਂ ਨੂੰ ਉਨਾਂ ਦੀਆਂ ਤਸਵੀਰਾਂ ਸਮੇਤ ਇੱਕ ਥਾਂ ਤੇ ਦਸਤਾਵੇਜੀ ਰੂਪ ਦੇਣ ਦਾ ਸੁਹਿਰਦ ਯਤਨ ਹੈ। ਇਸ ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ.ਵਿਸ਼ਾਲ ਬੈਕਟਰ ਨੇ ਕੀਤਾ। ਸਮਾਰੋਹ ਦੌਰਾਨ ਪੰਜਾਬ ਦੇ 7 ਅਗਾਂਹਵਧੂ ਕਿਸਾਨਾਂ ਨੂੰ ਕੌਫੀ ਟੇਬਲ ਕਿਤਾਬ ਅਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ।