ਲਿਵ ਇਨ ’ਚ ਰਹਿ ਰਹੇ ਪ੍ਰੇਮੀ ਨੇ ਕੀਤਾ ਸੀ ਕਤਲ
ਛੇ ਮਹੀਨੇ ਪਹਿਲਾਂ ਹੋਏ ਔਰਤ ਦੇ ਅੰਨੇ ਕਤਲ ਦਾ ਮਾਮਲਾ ਹੱਲ
Publish Date: Wed, 20 May 2026 07:36 PM (IST)
Updated Date: Thu, 21 May 2026 04:07 AM (IST)

-ਛੇ ਮਹੀਨੇ ਪਹਿਲਾਂ ਹੋਏ ਔਰਤ ਦੇ ਅੰਨੇ ਕਤਲ ਦਾ ਮਾਮਲਾ ਹੋਇਆ ਹੱਲ --- ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਕਰੀਬ ਛੇ ਮਹੀਨੇ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਦੁੱਗਰੀ ਫਲਾਈ ਓਵਰ ਕੋਲ ਥੈਲੇ ਵਿੱਚੋਂ ਮਿਲੀ ਔਰਤ ਦੀ ਲਾਸ਼ ਦੇ ਅੰਨੇ ਮਾਮਲੇ ਨੂੰ ਥਾਣਾ ਦੁੱਗਰੀ ਪੁਲਿਸ ਵੱਲੋਂ ਹੱਲ ਕਰ ਲਿਆ ਗਿਆ ਹੈ। ਉਕਤ ਮਾਮਲੇ ਦੀ ਪੜਤਾਲ ਵਿੱਚ ਸਾਹਮਣੇ ਆਇਆ ਸੀ ਕਿ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ ਪਰ ਮ੍ਰਿਤਕ ਔਰਤ ਦੀ ਸ਼ਨਾਖਤ ਪੁਲਿਸ ਲਈ ਵੱਡੀ ਪਹੇਲੀ ਸਾਬਤ ਹੋ ਰਹੀ ਸੀ।। ਉਕਤ ਮਾਮਲੇ ਵਿੱਚ ਥਾਣਾ ਦੁੱਗਰੀ ਪੁਲਿਸ ਨੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੁੱਗਰੀ ਇਲਾਕੇ ਦੇ ਸਰਪੰਚ ਸੰਜੇ ਤਿਵਾੜੀ ਦੇ ਬਿਆਨ ਉੱਪਰ ਅਣਪਛਾਤੇ ਕਾਤਲਾਂ ਖਿਲਾਫ ਪਰਚਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਨੇ ਉਕਤ ਮਾਮਲੇ ਨੂੰ ਹੱਲ ਕਰਨ ਦਾ ਦਾਵਾ ਕਰਦਿਆਂ ਦੱਸਿਆ ਕਿ ਉਕਤ ਕਤਲ ਦੇ ਦੋਸ਼ੀ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਤਕਨੀਕੀ ਸਾਧਨਾ ਰਾਹੀਂ ਕੀਤੀ ਪੜਤਾਲ ਦੌਰਾਨ ਮੁੱਖ ਅਫਸਰ ਥਾਣਾ ਦੁੱਗਰੀ ਇੰਸਪੈਕਟਰ ਗੁਰਮੁਖ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀਆਂ ਨੇ ਮ੍ਰਿਤਕ ਦੀ ਸ਼ਨਾਖਤ ਉਸਦੇ ਖੱਬੇ ਗੁੱਟ ਉੱਪਰ ਬਣੇ ਟੈਟੂ ਦੇ ਆਧਾਰ ਤੇ ਕੀਤੀ। ਬੀਜੇ ਅੱਖਰ ਦੇ ਟੈਟੂ ਤੋਂ ਬਬਲੂ ਅਤੇ ਜੋਤੀ ਦੇ ਨਾਮ ਦਾ ਪਹਿਲਾ ਅੱਖਰ ਦੇਖ ਕੇ ਮ੍ਰਿਤਕਾ ਦੀਆਂ ਫੋਟੋਆਂ ਜਨਤਕ ਕੀਤੀਆਂ ਗਈਆਂ। ਇਹ ਤਸਵੀਰਾਂ ਜਨਤਕ ਹੋਣ ਮਗਰੋਂ ਬਬਲੂ ਅਤੇ ਉਸਦੀ ਲੜਕੀ ਨੇ ਲਾਸ਼ ਦੀ ਸ਼ਨਾਖਤ ਜੋਤੀ ਉਮਰ ਤਕਰੀਬਨ 37 ਸਾਲ ਦੇ ਰੂਪ ਵਿੱਚ ਕਰ ਦਿੱਤੀ। ਇਸ ਕਾਮਯਾਬੀ ਦੇ ਆਧਾਰ ਤੇ ਪੁਲਿਸ ਨੇ ਪੜਤਾਲ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਕਤਲ ਕੀਤੀ ਗਈ ਜੋਤੀ ਦੇ ਲਵਕੁਸ਼ ਕਲੋਨੀ ਵਾਸੀ ਰਿਸ਼ੀ ਪਾਲ ਨਾਮ ਦੇ ਵਿਅਕਤੀ ਨਾਲ ਸਬੰਧ ਸਨ ਅਤੇ ਉਹ ਰਿਸ਼ੀਪਾਲ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੀ ਸੀ। ਅਗਲੇਰੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਬੀਤੇ ਵਰੇ 8 ਨਵੰਬਰ ਨੂੰ ਮੁਲਜਮ ਰਿਸ਼ੀ ਪਾਲ ਨੇ ਜੋਤੀ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਘਰ ਲਵਕੁਸ਼ ਕਲੋਨੀ ਲਿਆਂਦਾ। ਘਰ ਜਾ ਕੇ ਦੋਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਤਾਂ ਰਿਸ਼ੀਪਾਲ ਨੇ ਤੈਸ਼ ਵਿੱਚ ਆ ਕੇ ਜੋਤੀ ਤੇ ਗਲ ਵਿੱਚ ਪਾਈ ਚੁੰਨੀ ਨਾਲ ਹੀ ਉਸ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਮਗਰੋਂ ਲਾਸ਼ ਅਤੇ ਸਬੂਤ ਖੁਰਦ ਬੁਰਦ ਕਰਨ ਲਈ ਉਸਨੇ ਜੋਤੀ ਦੀ ਲਾਸ਼ ਬੋਰੇ ਵਿੱਚ ਪਾਈ ਅਤੇ ਮੋਟਰਸਾਈਕਲ ਪਿੱਛੇ ਰੱਖ ਕੇ ਸ਼ਹੀਦ ਭਗਤ ਸਿੰਘ ਨਗਰ ਨੇੜੇ ਫੈਲਾਈ ਓਵਰ ਕੋਲ ਸੁੱਟ ਗਿਆ। --- ਮੁਲਜਮ ਕੋਲੋਂ ਬਰਾਮਦ ਹੋਏ ਮ੍ਰਿਤਕਾ ਦੇ ਦਸਤਾਵੇਜ਼ ਪੁਲਿਸ ਅਧਿਕਾਰੀਆਂ ਮੁਤਾਬਕ ਰਿਸ਼ੀ ਪਾਲ ਤੇ ਸ਼ੱਕ ਹੋਣ ਮਗਰੋਂ ਪੁਲਿਸ ਨੇ ਘੇਰਾ ਕਸ ਕੇ ਮੁਲਜਮ ਨੂੰ ਗ੍ਰਿਫਤਾਰ ਕੀਤਾ ਤਾਂ ਪੜਤਾਲ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਮ੍ਰਿਤਕਾ ਜੋਤੀ ਦਾ ਮੋਬਾਇਲ ਫੋਨ, ਵੋਟਰ ਕਾਰਡ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਸਮੇਤ ਜਿਸ ਰੱਸੀ ਨਾਲ ਜੋਤੀ ਦਾ ਗਲਾ ਘੁੱਟਿਆ ਗਿਆ ਸੀ। ਉਹ ਰੱਸੀ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮ ਦੀ ਇਸ ਵਾਰਦਾਤ ਵਿੱਚ ਕਿਸੇ ਹੋਰ ਨੇ ਉਸਦਾ ਸਾਥ ਦਿੱਤਾ ਹੋਵੇਗਾ ਤਾਂ ਉਸ ਸਬੰਧ ਵਿੱਚ ਪੜਤਾਲ ਮਗਰੋਂ ਖੁਲਾਸੇ ਕੀਤੇ ਜਾਣਗੇ।