ਵਾਰਾਨਸੀ ਦੇ ਨੌਜਵਾਨ ਨਾਲ ਲੁੱਟ ਦਾ ਮਾਮਲਾ ਸੁਲਝਿਆ, ਦੋ ਮੁਲਜ਼ਮ ਕਾਬੂ
ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵਾਰਾਨਸੀ ਦੇ ਨੌਜਵਾਨ ਨਾਲ ਲੁੱਟ ਦਾ ਮਾਮਲਾ ਸੁਲਝਿਆ, ਦੋ ਮੁਲਜ਼ਮ ਕਾਬੂ
Publish Date: Mon, 25 May 2026 09:09 PM (IST)
Updated Date: Tue, 26 May 2026 04:14 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਰੇਲਵੇ ਸਟੇਸ਼ਨ ਨੇੜੇ ਵਾਰਾਨਸੀ ਦੇ ਇੱਕ ਨੌਜਵਾਨ ਨਾਲ ਹੋਈ ਲੁੱਟ ਦੀ ਗੁੱਥੀ ਸੁਲਝਾ ਲਈ ਹੈ। ਥਾਣਾ ਦਰੇਸੀ ਦੀ ਪੁਲਿਸ ਨੇ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਲੁੱਟ ਵਿੱਚ ਵਰਤਿਆ ਗਿਆ ਆਟੋ, ਮੋਬਾਇਲ ਫੋਨ ਅਤੇ ਹਥਿਆਰ ਬਰਾਮਦ ਕਰ ਲਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗਗਨ ਧੀਰ ਵਾਸੀ ਰਾਮ ਨਗਰ, 33 ਫੁੱਟ ਰੋਡ ਜਮਾਲਪੁਰ ਅਤੇ ਰੋਹਿਤ ਸਿੰਘ ਵਾਸੀ ਇਸਲਾਮ ਗੰਜ, ਲੁਧਿਆਣਾ ਵਜੋਂ ਹੋਈ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ 23 ਮਈ ਦੀ ਸਵੇਰ ਕਰੀਬ 4:45 ਵਜੇ ਦਿਲੀਪ ਕੁਮਾਰ ਮੋਰੀਆ ਵਾਸੀ ਰਾਜਾਹੀ ਕੈਂਪ, ਵਾਰਾਣਸੀ ਉੱਤਰ ਪ੍ਰਦੇਸ਼ ਆਪਣੀ ਭੈਣ ਨੂੰ ਮਿਲਣ ਲਈ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਿਆ ਸੀ। ਰੇਲਵੇ ਸਟੇਸ਼ਨ ਤੋਂ ਉਹ ਸ਼ਿਮਲਾਪੁਰੀ ਜਾਣ ਲਈ ਇੱਕ ਆਟੋ ਵਿੱਚ ਬੈਠ ਗਿਆ, ਜਿਸ ਵਿੱਚ ਪਹਿਲਾਂ ਹੀ ਕੁਝ ਸਵਾਰੀਆਂ ਅਤੇ ਆਟੋ ਚਾਲਕ ਦਾ ਇੱਕ ਸਾਥੀ ਮੌਜੂਦ ਸੀ। ਰਾਹ ਵਿੱਚ ਦੋਸ਼ੀਆਂ ਨੇ ਆਟੋ ਦੇ ਪਰਦੇ ਬੰਦ ਕਰ ਦਿੱਤੇ ਅਤੇ ਸਵਾਰੀਆਂ ਨੂੰ ਹੇਠਾਂ ਉਤਰਨ ਤੋਂ ਰੋਕ ਦਿੱਤਾ। ਕੁਝ ਦੂਰੀ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੇ ਦਿਲੀਪ ਕੁਮਾਰ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਮੋਬਾਇਲ ਖੋਹ ਲਿਆ। ਇੰਨਾ ਹੀ ਨਹੀਂ, ਦੋਸ਼ੀਆਂ ਨੇ ਜਬਰਦਸਤੀ ਮੋਬਾਇਲ ਦਾ ਪਾਸਵਰਡ ਲੈ ਕੇ ਉਸ ਦੇ ਖਾਤੇ ਵਿੱਚੋਂ 58,300 ਰੁਪਏ ਚਾਰ ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਰਾਹੀਂ ਇੱਕ ਆਈਸੀਆਈਸੀਆਈ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਵਾ ਲਏ। ਵਾਰਦਾਤ ਤੋਂ ਬਾਅਦ ਪੀੜਤ ਨੂੰ ਜੋਧੇਵਾਲ ਇਲਾਕੇ ਵਿੱਚ ਛੱਡ ਕੇ ਦੋਸ਼ੀ ਫਰਾਰ ਹੋ ਗਏ।
ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰੇਸੀ ਥਾਣੇ ਵਿੱਚ ਕੇਸ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ 24 ਮਈ ਨੂੰ ਦੋਵੇਂ ਮੁੱਖ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਆਟੋ ਰਿਕਸ਼ਾ, ਇੱਕ ਓਪੋ ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਲੋਹੇ ਦਾ ਦਾਤਰ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਰਾਮ ਕ੍ਰਿਸ਼ਨ ਉਰਫ਼ ਰਾਮਾ ਵਾਸੀ ਭੋਲਾ ਕਾਲੋਨੀ ਤਾਜਪੁਰ ਰੋਡ ਅਤੇ ਮੁਕੇਸ਼ ਸ਼ਰਮਾ ਉਰਫ਼ ਗੌਰਵ ਵਾਸੀ ਪਿੰਡ ਤਾਜਪੁਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।