ਰਾਇਲ ਬੰਗਾਲ ਟਾਈਗਰਜ਼ ਦੀ ਜੋੜੀ ਨੇ ਵਧਾਏਗੀ ਚਿੜੀਆਘਰ ਦੀ ਰੌਣਕ
ਰਾਇਲ ਬੰਗਾਲ ਟਾਈਗਰਜ਼ ਦੀ ਜੋੜੀ ਆਉਣ ਨਾਲ ਵਧੀ ਲੁਧਿਆਣਾ ਚਿੜੀਆ ਘਰ ਦੀ ਰੌਣਕ
Publish Date: Wed, 06 May 2026 10:56 PM (IST)
Updated Date: Thu, 07 May 2026 04:15 AM (IST)

-15 ਦਸੰਬਰ, 2024 ਤੋਂ ਬਿਨਾਂ ਬਾਘਾਂ ਤੋਂ ਸੁੰਨੀ ਪਈ ਸੀ ਟਾਈਗਰ ਸਫਾਰੀ --- ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੀ ਟਾਈਗਰ ਸਫਾਰੀ ਇੱਕ ਵਾਰ ਫਿਰ ਬਾਘਾਂ ਨਾਲ ਗੁਲਜਾਰ ਹੋਈ ਹੈ। ਕਰੀਬ ਇਕ ਸਾਲ ਪੰਜ ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਬਾਘਾਂ ਦਾ ਇੱਕ ਜੋੜਾ ਲੁਧਿਆਣਾ ਟਾਈਗਰ ਸਫਾਰੀ ਵਿਖੇ ਪਹੁੰਚਿਆ ਹੈ। ਜਲੰਧਰ ਬਾਈਪਾਸ ਅਤੇ ਲਾਢੋਵਾਲ ਦੇ ਵਿਚਕਾਰ ਸਥਿਤ ਲੁਧਿਆਣਾ ਚਿੜੀਆ ਘਰ ਨੇ ਬਾਲਾ ਸਾਹਿਬ ਠਾਕਰੇ ਗੋਰੇਵਾੜਾ ਅੰਤਰਰਾਸ਼ਟਰੀ ਜ਼ੂਆਲੋਜੀਕਲ ਪਾਰਕ, ਨਾਗਪੁਰ ਮਹਾਰਾਸ਼ਟਰ ਤੋਂ ਰਾਇਲ ਬੰਗਾਲ ਟਾਈਗਰਾਂ ਦੀ ਇੱਕ ਜੋੜੀ ਨੂੰ ਸਫਲਤਾਪੂਰਵਕ ਲਿਆਂਦਾ ਹੈ। ਇਸ ਜੋੜੇ ਵਿੱਚ ਇੱਕ ਨਰ ਅਤੇ ਇੱਕ ਮਾਦਾ ਟਾਈਗਰ ਹੈ। ਦੱਸਣ ਯੋਗ ਹੈ ਕਿ ਲੁਧਿਆਣਾ ਚਿੜੀਆ ਘਰ ਦੇ ਇੱਕ ਹਿੱਸੇ ਵਿੱਚ ਟਾਈਗਰ ਸਫਾਰੀ ਵੀ ਹੈ ਜਿਸ ਵਿੱਚ 15 ਦਸੰਬਰ, 2024 ਤੋਂ ਕੋਈ ਵੀ ਬਾਘ ਨਹੀਂ ਸੀ। ਜਿਸ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਵੱਲੋਂ ਬਾਘਾਂ ਨੂੰ ਲੁਧਿਆਣਾ ਦੀ ਟਾਈਗਰ ਸਫਾਰੀ ਵਿੱਚ ਲਿਆਉਣ ਦੀ ਪ੍ਰਕਿਰਿਆ 30 ਅਪ੍ਰੈਲ, 2026 ਨੂੰ ਪੂਰੀ ਹੋਈ ਸੀ। ਨਿਯਮਾਂ ਅਨੁਸਾਰ, ਕਿਸੇ ਹੋਰ ਜਗ੍ਹਾ ਤੋਂ ਲਿਆਂਦੇ ਗਏ ਕਿਸੇ ਵੀ ਜਾਨਵਰ ਨੂੰ ਕੁਆਰੰਟੀਨ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਉਹ ਉਸ ਵਾਤਾਵਰਣ ਦੇ ਅਨੁਕੂਲ ਹੋ ਸਕੇ। ਟਾਈਗਰ ਜੌੜੀ ਦਾ 21 ਦਿਨਾਂ ਦਾ ਕੁਆਰੰਟੀਨ ਪੂਰਾ ਹੋਣ ਤੋਂ ਬਾਅਦ ਸੈਲਾਨੀ 24-25 ਮਈ ਤੱਕ ਟਾਈਗਰ ਸਫਾਰੀ ਵਿੱਚ ਇਨ੍ਹਾਂ ਬਾਘਾਂ ਨੂੰ ਦੇਖ ਸਕਣਗੇ। ਰਾਇਲ ਬੰਗਾਲ ਬਾਘਾਂ ਦੇ ਇੱਕ ਜੋੜੇ ਦੇ ਆਉਣ ਨਾਲ ਇੱਕ ਵਾਰ ਫਿਰ ਲੁਧਿਆਣਾ ਸਫਾਰੀ ਦੀ ਸੁੰਦਰਤਾ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ। ਇਨ੍ਹਾਂ ਬਾਗਾਂ ਨੂੰ ਲਿਆਉਣ ਦੀ ਸਾਰੀ ਪ੍ਰਕਿਰਿਆ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਬਸੰਤ ਰਾਜ ਕੁਮਾਰ, ਵਣ ਗਾਰਡ (ਪਾਰਕ ਅਤੇ ਸੁਰੱਖਿਅਤ ਖੇਤਰ, ਪੰਜਾਬ) ਵਿਸ਼ਾਲ ਚੌਹਾਨ ਅਤੇ ਵਣ ਮੰਡਲ ਅਧਿਕਾਰੀ ਜੰਗਲੀ ਜੀਵ ਮੰਡਲ ਫਿਲੌਰ ਵਿਕਰਮ ਸਿੰਘ ਕੁੰਦਰਾ ਦੀ ਅਗਵਾਈ ਹੇਠ ਪੂਰੀ ਕੀਤੀ ਗਈ। ਲੁਧਿਆਣਾ ਚਿੜੀਆ ਘਰ ਦੇ ਇੰਚਾਰਜ ਨਰਿੰਦਰ ਸਿੰਘ ਦੀ ਅਗਵਾਈ ਵਾਲੀ ਇੱਕ ਟੀਮ ਨੇ ਨਾਗਪੁਰ ਦੇ ਗੋਰੇਵਾੜਾ ਵਿੱਚ ਪਹੁੰਚਕੇ ਬਾਘਾਂ ਨੂੰ ਸੁਰੱਖਿਅਤ ਢੰਗ ਨਾਲ ਲੁਧਿਆਣਾ ਚਿੜੀਆ ਘਰ ਤੱਕ ਲਿਆਂਦਾ। --- ਟਾਈਗਰ ਸਫਾਰੀ ਲਈ ਜਾਣਿਆ ਜਾਂਦਾ ਹੈ ਲੁਧਿਆਣਾ ਦਾ ਚਿੜੀਆਘਰ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਧਿਆਣਾ ਚਿੜੀਆ ਘਰ ਆਪਣੀ ਮਸ਼ਹੂਰ ਟਾਈਗਰ ਸਫਾਰੀ ਲਈ ਜਾਣਿਆ ਜਾਂਦਾ ਹੈ ਅਤੇ ਇਸ ਟਾਈਗਰ ਜੋੜੇ ਦੇ ਆਉਣ ਨਾਲ ਇਸ ਆਕਰਸ਼ਣ ਨੂੰ ਹੋਰ ਮਜ਼ਬੂਤੀ ਮਿਲੇਗੀ, ਜਿਸ ਨਾਲ ਸੈਲਾਨੀਆਂ ਨੂੰ ਇਸ ਸ਼ਾਨਦਾਰ ਜਾਨਵਰ ਨੂੰ ਦੇਖਣ ਦਾ ਬਿਹਤਰ ਮੌਕਾ ਮਿਲੇਗਾ ਅਤੇ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।