ਮਾਨਵ ਨੂੰ ਲੋਭ |ਤੇ ਹੰਕਾਰ ਨਾਲ ਭਰਦੈ ਮਾਇਆ ਦਾ ਨਸ਼ਾ : ਸੰਤ ਅਮੀਰ ਸਿੰਘ
ਮਾਨਵ ਨੂੰ ਲੋਭ ’ਤੇ ਹੰਕਾਰ ਨਾਲ ਭਰਦੈ ਮਾਇਆ ਦਾ ਨਸ਼ਾ-ਸੰਤ ਅਮੀਰ ਸਿੰਘ
Publish Date: Sun, 19 Oct 2025 04:46 PM (IST)
Updated Date: Mon, 20 Oct 2025 04:00 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਐਤਵਾਰ ਨੂੰ ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਰਾਹੀਂ ਸਮਝਾਇਆ ਕਿ ਆਤਮਾ ਅਤੇ ਮੋਹ ਦਾ ਹਨੇਰਾ ਦੂਰ ਕਰਨਾ ਬਹੁਤ ਮੁਸ਼ਕਿਲ ਹੈ। ਜਦੋਂ ਮਨੁੱਖ ਦਾ ਜੀਵਨ ਪਾਪਾਂ, ਹੰਕਾਰ ਅਤੇ ਲੋਭ ਨਾਲ ਭਰਿਆ ਪਿਆ ਹੋਵੇ ਤਾਂ ਫਿਰ ਇਸ ਭਾਵ-ਸਾਗਰ ਨੂੰ ਕਿਸ ਪ੍ਰਕਾਰ ਪਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮਝਾਇਆ ਕਿ ਪ੍ਰਮਾਤਮਾਂ ਆਤਮਕ ਗਿਆਨ ਉਸ ਨੂੰ ਹੀ ਦਿੰਦਾ ਹੈ, ਜਿਹੜੀ ਰੂਹ ਉਸਦੇ ਨਾਮ ਰੰਗ ਵਿੱਚ ਰੰਗੀ ਹੁੰਦੀ ਹੈ। ਜਿਨ੍ਹਾਂ ਨੂੰ ਉਸ ਗੁਰੂ-ਸ਼ਬਦ ਰੂਪ ਸਮਝ ਆ ਜਾਂਦਾ ਹੈ ਅਤੇ ਉਹ ਮਨੁੱਖ ਪੰਜੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਜੋ ਮਨੁੱਖ ਉਸ ਦਾ ਨਾਮ ਸਿਮਰਨ ਕਰਦਾ ਹੈ, ਪਰਮੇਸ਼ਰ ਉਸ ਮਨੁੱਖ ਦਾ ਪਾਰ ਉਤਾਰਾ ਕਰ ਦਿੰਦਾ ਹੈ। ਉਨ੍ਹਾਂ ਕਿਹਾ ਨਾਸ਼ਵਾਨ ਸੰਸਾਰ ਅੰਦਰ ਕੇਵਲ ਤੇ ਕੇਵਲ ਅਮਰ ਉਹ ਪਾਰਬ੍ਰਹਮ ਪਰਮੇਸ਼ਰ ਹੈ, ਜਿਸ ਨੇ ਇਸ ਜਗਤ ਦੀ ਰਚਨਾ ਕੀਤੀ ਹੈ ਤੇ ਉਸ ਦੀ ਓਟ ਸਦਕਾ ਹੀ ਮਾਨਵ ਦਾ ਕਲਿਆਣ ਹੁੰਦਾ ਹੈ। ਮਾਇਆ ਦਾ ਨਸ਼ਾ ਮਾਨਵ ਵਿੱਚ ਲੋਭ ਤੇ ਹੰਕਾਰ ਭਰਦਾ ਹੈ ਤੇ ਅੰਤ ਵਿੱਚ ਉਸ ਦਾ ਨਾਸ ਕਰ ਦਿੰਦਾ ਹੈ। ਹਉਮੈ ਤੇ ਹੰਕਾਰ ਵਿੱਚ ਫਸਿਆ ਜੀਵ ਮਨੁੱਖ ਸੱਚੇ ਮਾਰਗ ਨੂੰ ਭੁੱਲ ਕੇ ਉਸ ਮਾਰਗ ਦੇ ਰਸਤੇ ਤੇ ਪੈ ਜਾਂਦਾ ਹੈ, ਪੰਜ ਵਿਕਾਰਾਂ ਵਿੱਚ ਖੁੱਭਿਆ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਪਰਮੇਸ਼ਰ ਉਸ ਦੇ ਹਿਰਦੇ ਵਿੱਚ ਨਿਵਾਸ ਕਰਦਾ ਹੈ। ਬਾਬਾ ਜੀ ਨੇ ਗੁਰਬਾਣੀ ਦੇ ਹਵਾਲੇ ਨਾਲ ਸਮਝਾਇਆ ਕਿ ਜਿਨਾਂ ਦੇ ਹਿਰਦੇ ਵਿੱਚ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਪ੍ਰਤੀ ਪ੍ਰੀਤ ਰਹਿੰਦੀ ਹੈ, ਉਹ ਸਤ ਤੇ ਸੰਤੋਖ ਦੇ ਅਭਿਆਸ ਦੁਆਰਾ ਹਿਰਦੇ ਵਿੱਚੋਂ ਕਪਟ ਤੇ ਵਿਕਾਰ ਤੋਂ ਮੁਕਤੀ ਪਾ ਲੈਂਦੇ ਹਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।