ਤਪੋਬਣ ਢੱਕੀ ਸਾਹਿਬ ਦਾ 29ਵਾਂ ਤਿੰਨ ਰੋਜ਼ਾ ਵਿਸ਼ਵ ਸ਼ਾਂਤੀ ਦਿਵਸ ਸਮਾਪਤ
ਤਪੋਬਣ ਢੱਕੀ ਸਾਹਿਬ ਵਿਖੇ 29ਵਾਂ ਤਿੰਨ ਰੋਜ਼ਾ ਵਿਸ਼ਵ ਸ਼ਾਂਤੀ ਦਿਵਸ ਹੋਇਆ ਸਮਾਪਤ
Publish Date: Mon, 18 May 2026 07:31 PM (IST)
Updated Date: Tue, 19 May 2026 04:10 AM (IST)

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ, ਰਾੜਾ ਸਾਹਿਬ : ਪ੍ਰਾਚੀਨ ਕਾਲ ਦੀ ਯਾਦ ਦਿਵਾਉਂਦਾ ਅਸਥਾਨ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸਰਬ ਸਾਂਝੀਵਾਲਤਾ ਦਾ ਪੈਗਾਮ ਦੇਣ ਵਾਲ਼ੇ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਦੀ ਦੇਖ ਰੇਖ ਹੇਠ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 29ਵਾਂ ਵਿਸ਼ਵ ਸ਼ਾਂਤੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਉਤਸ਼ਾਹ ਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਇਸ ਮੌਕੇ ਦੋ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਸੰਗਤਾਂ ਵੱਲੋਂ ਗੁਰਮੰਤਰ ਦੇ ਕਰੋੜਾਂ ਜਾਪ, ਮੂਲਮੰਤਰ ਦੇ ਲੱਖਾਂ ਜਾਪ, ਸੈੰਕੜੇ ਸਹਿਜ ਪਾਠ, ਲੱਖਾਂ ਚੌਪਈ ਸਾਹਿਬ ਤੇ ਜਪੁਜੀ ਸਾਹਿਬ ਦੇ ਪਾਠ,ਸੁਖਮਨੀ ਸਾਹਿਬ ਦੇ ਹਜ਼ਾਰਾਂ ਪਾਠਾਂ ਦੇ ਭੋਗ ਪਾਏ ਗਏ ਅਤੇ ਵਿਸ਼ਵ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਉਪਰੰਤ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਸਰਬ ਧਰਮਾਂ ਦੇ ਮਹਾਂਪੁਰਸ਼ਾਂ ਨੇ ਵਿਸ਼ਵ ਸ਼ਾਂਤੀ ਲਈ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਜਿਸ ਵਿੱਚ ਬਾਬਾ ਹਿੰਮਤ ਸਿੰਘ ਰਾਮਪੁਰ ਛੰਨਾ, ਬਾਬਾ ਧਰਮਪਾਲ ਸਿੰਘ ਧਮੋਟ, ਬਾਬਾ ਇੰਦਰਜੀਤ ਸਿੰਘ ਰੱਤੀਆ, ਬਾਬਾ ਹਰਜਿੰਦਰ ਸਿੰਘ ਬਲਾਚੌਰ, ਬਾਬਾ ਇਕਬਾਲ ਸਿੰਘ ਬਰੇਟਾ, ਸੰਤ ਰੇਨ ਬਾਬਾ ਲਖਵੀਰ ਸਿੰਘ, ਗਿਆਨੀ ਗੁਰਪਿੰਦਰ ਸਿੰਘ ਸਹੌੜਾਂ, ਬਾਬਾ ਸਤਨਾਮ ਸਿੰਘ ਸਿੱਧਸਰ ਸਿਹੋੜਾ, ਬਾਬਾ ਮਨਜੀਤ ਘਣਗਸ, ਬਾਬਾ ਗੁਰਚਰਨ ਸਿੰਘ ਕੋਟ ਗੰਗੂਰਾਏ, ਬਾਬਾ ਮਨਦੀਪ ਸਿੰਘ ਅਤਰਸਰ ਆਦਿਕ ਮਹਾਂਪੁਰਸ਼ਾਂ ਨੇ ਕਿਹਾ ਕਿ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਢੱਕੀ ਸਾਹਿਬ ਵਾਲਿਆਂ ਵਲੋਂ ਕਰਵਾਏ ਜਾ ਰਹੇ ਵਿਸ਼ਵ ਸ਼ਾਂਤੀ ਸਮਾਗਮ ਮਾਨਵਤਾ ਦੇ ਅਜਿਹੇ ਬ੍ਰਹਮ ਸੰਗਮ ਹਨ ਜੋ ਧਰਮ, ਜਾਤ ਅਤੇ ਭਾਸ਼ਾ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਪ੍ਰੇਮ ਅਤੇ ਸਦਭਾਵਨਾ ਨਾਲ ਸੇਵਾ, ਸਿਮਰਨ ਅਤੇ ਸਤਿਸੰਗ ਰਾਹੀਂ ਸੰਗਤਾਂ ਵਿੱਚ ਅਧਿਆਤਮਿਕ ਜਾਗ੍ਰਿਤੀ ਪੈਦਾ ਕਰਦੇ ਹਨ। ਮਹਾਂਪੁਰਖਾਂ ਨੇ ਕਿਹਾ ਕਿ ਸੰਤ ਬਾਬਾ ਦਰਸ਼ਨ ਸਿੰਘ ਜੀ ਵਲੋਂ ਵਿਸ਼ਵ ਦੀ ਸ਼ਾਂਤੀ ਲਈ ਕੀਤੀ ਜਾਂਦੀ ਅਰਦਾਸ ਵਿੱਚ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਜੀਵ ਜੰਤੂਆਂ ਦੀ ਭਲਾਈ ਅਤੇ ਸੁੱਖਾਂ ਦੀ ਕਾਮਨਾ ਕੀਤੀ ਜਾਂਦੀ ਹੈ। ਸਮਾਗਮ ਦੇ ਤੀਸਰੇ ਦਿਨ ਸੰਪੂਰਨਤਾ ਮੌਕੇ ਗੁਰੂ ਕੁਲ ਕੀਰਤਨ ਟਕਸਾਲ ਦੇ ਹੋਣਹਾਰ ਸਿਖਿਆਰਥੀਆਂ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਜਿੱਥੇ ਗੁਰਬਾਣੀ ਦੇ ਸ਼ਬਦਾਂ ਦੁਆਰਾ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ ਉੱਥੇ ਬੱਚਿਆਂ ਵਲੋਂ ਲੋਕਾਈ ਅੰਦਰ ਸ਼ਾਂਤੀ ਦਾ ਬੀਜ਼ ਬੀਜਣ ਵਾਲ਼ੇ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਦੀ ਆਪਣੇ ਅਣਭੋਲ ਸ਼ਬਦਾਂ ਦੁਆਰਾ ਸਿਫ਼ਤ ਸ਼ਲਾਘਾ ਵੀ ਕੀਤੀ ਗਈ। ਸਮਾਗਮ ਦੀ ਸੰਪੂਰਨਤਾ ਮੌਕੇ ਮਹਾਂਪੁਰਸ਼ਾਂ ਦੇ ਹਜ਼ੂਰੀ ਕੀਰਤਨੀ ਜੱਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ।ਸਮਾਗਮ ਵਿੱਚ ਵੱਖ ਵੱਖ ਧਰਮਾਂ ਅਤੇ ਵੱਖ ਵੱਖ ਸੰਪ੍ਰਦਾਵਾਂ ਦੇ ਸੰਤਾਂ-ਮਹਾਪੁਰਸ਼ਾਂ ਤੋਂ ਇਲਾਵਾ ਧਾਰਮਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਦਾ ਮਹਾਂਪੁਰਸ਼ਾਂ ਦੇ ਹਜ਼ੂਰੀ ਜੱਥੇ ਦੇ ਸਮੂਹ ਸਿੰਘਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਈ ਗੁਰਦੀਪ ਸਿੰਘ ਢੱਕੀ ਸਾਹਿਬ ਵਲੋਂ ਸਮੂਹ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੰਚਾਲਨ ਦੀ ਸੇਵਾ ਜੀਤ ਸਿੰਘ ਮਕਸੂਦੜਾ ਅਤੇ ਹਰਕੀਰਤ ਸਿੰਘ ਫੈਜਗੜ ਨੇ ਨਿਭਾਈ। ਸਮਾਗਮਾਂ ਦੇ ਤਿੰਨੇ ਦਿਨ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਵਿੱਚ ਜਲੇਬੀਆਂ ਤੇ ਹੋਰ ਵੱਖ ਵੱਖ ਪਕਵਾਨਾਂ ਦੇ ਭੰਡਾਰੇ ਅਤੁੱਟ ਵਰਤਾਏ ਗਏ। ਸਮਾਗਮਾਂ ਦੌਰਾਨ ਹਾਥੀ, ਘੋੜੇ, ਊਂਠ, ਰੱਥ, ਬੱਘੀਆਂ, ਪੁਰਾਤਨ ਗੱਡੇ,ਘੁਲਾੜੀ, ਦਾਣਿਆਂ ਵਾਲੀ ਭੱਠੀ,ਥਾਂ ਥਾਂ ਘੜਿਆਂ ’ਚ ਰੱਖਿਆ ਪਾਣੀ, ਬਲਦਾਂ ਵਾਲੀ ਹਰਟੀ, ਪੁਰਤਨਾ ਰੁੱਖਾਂ ਦੇ ਬੂਟਿਆਂ ਅਤੇ ਸ਼੍ਰੋਮਣੀ ਸੰਤ ਖਾਲਸਾ ਮੈਗਜ਼ੀਨ ਆਦਿਕ ਦੀਆਂ ਪ੍ਰਦਰਸ਼ਨੀਆਂ ਖਿੱਚ ਦਾ ਕੇੰਦਰ ਬਣੀਆਂ ਰਹੀਆਂ।