ਲੁਧਿਆਣਾ ਦੇ ਭਦੌੜ ਹਾਊਸ 'ਚ ਮਹਿਲਾ ਚੋਰ ਗਿਰੋਹ ਦੀ ਦਹਿਸ਼ਤ : ਵਪਾਰੀ ਦੀ ਦੁਕਾਨ 'ਚੋਂ 5 ਲੱਖ ਦੀ ਨਕਦੀ ਸਾਫ਼, CCTV ਰਾਹੀਂ ਭਾਲ ਜਾਰੀ
ਵਪਾਰੀਆਂ ਦਾ ਕਹਿਣਾ ਹੈ ਕਿ ਇਹ ਗਿਰੋਹ ਬੜੀ ਚਾਲਾਕੀ ਨਾਲ ਕੰਮ ਕਰਦਾ ਹੈ ਅਤੇ ਭੀੜ-ਭਾੜ ਦਾ ਫਾਇਦਾ ਚੁੱਕ ਕੇ ਨਕਦੀ ਜਾਂ ਕੀਮਤੀ ਸਮਾਨ ‘ਤੇ ਹੱਥ ਸਾਫ਼ ਕਰ ਜਾਂਦਾ ਹੈ। ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਨਾਲ ਮਾਰਕੀਟ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਦੁਕਾਨਦਾਰ ਆਪਣੇ ਕਾਰੋਬਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ
Publish Date: Wed, 29 Apr 2026 10:33 AM (IST)
Updated Date: Wed, 29 Apr 2026 10:38 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਰੌਣਕਾਂ ਭਰੇ ਵਪਾਰਕ ਇਲਾਕੇ ਭਦੌੜ ਹਾਊਸ ‘ਚ ਇਨ੍ਹਾਂ ਦਿਨਾਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਦਿਨ ਦੇ ਸਮੇਂ ਖਰੀਦਦਾਰੀ ਲਈ ਭੀੜ ਲੱਗੀ ਰਹਿੰਦੀ ਹੈ, ਉੱਥੇ ਹੀ ਹੁਣ ਇੱਕ ਮਹਿਲਾ ਚੋਰ ਗਿਰੋਹ ਦੀ ਸਰਗਰਮੀ ਨੇ ਵਪਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਕੋਸ਼ਿਸ਼ਾਂ ਅਤੇ ਇੱਕ ਵੱਡੀ ਵਾਰਦਾਤ ਨੇ ਇਸ ਇਲਾਕੇ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ
ਚੰਦਰ ਨਗਰ ਦੇ ਵਾਸੀ ਕੱਪੜੇ ਦੇ ਕਾਰੋਬਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਕਿ ਉਹ ਭਦੌੜ ਹਾਊਸ ਨੇੜੇ ਪਟਿਆਲਾ ਪਾਰਕਿੰਗ ਵਿੱਚ “ਹਰਜੀ ਕ੍ਰੀਏਸ਼ਨ” ਨਾਮ ਦੀ ਲੇਡੀਜ਼ ਸੂਟਾਂ ਦਾ ਕਾਰੋਬਾਰ ਕਰਦੇ ਹਨ । ਉਨ੍ਹਾਂ ਮੁਤਾਬਕ ਬੀਤੇ ਦਿਨੀ ਉਨ੍ਹਾਂ ਦੀ ਦੁਕਾਨ ਵਿੱਚੋਂ ਕਰੀਬ 5 ਲੱਖ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਹ ਵਾਰਦਾਤ ਬੜੀ ਚਤੁਰਾਈ ਨਾਲ ਅੰਜਾਮ ਦਿੱਤੀ ਗਈ, ਜਿਸ ਦਾ ਪਤਾ ਉਨ੍ਹਾਂ ਨੂੰ ਬਾਅਦ ਵਿੱਚ ਲੱਗਿਆ।
ਇਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਕਾਇਤਕਰਤਾ ਨੇ ਆਪਣੀ ਪੜਤਾਲ ਵੀ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਮਿਤੀ 28 ਅਪ੍ਰੈਲ 2026 ਨੂੰ 4-5 ਅਣਪਛਾਤੀਆਂ ਔਰਤਾਂ ਮਾਰਕੀਟ ਵਿੱਚ ਘੁੰਮਦੀਆਂ ਨਜ਼ਰ ਆਈਆਂ, ਜਿਨ੍ਹਾਂ ਦੀਆਂ ਹਰਕਤਾਂ ਸ਼ੱਕੀ ਸਨ। ਇਹ ਔਰਤਾਂ ਵੱਖ-ਵੱਖ ਦੁਕਾਨਾਂ ਵਿੱਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਇਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਮਾਰਕੀਟ ਵਿੱਚ ਇੱਕ ਸੁਚੱਜੇ ਢੰਗ ਨਾਲ ਕੰਮ ਕਰਨ ਵਾਲਾ ਮਹਿਲਾ ਚੋਰ ਗਿਰੋਹ ਸਰਗਰਮ ਹੈ, ਜੋ ਪਹਿਲਾਂ ਦੁਕਾਨਾਂ ਦੀ ਰੇਕੀ ਕਰਦਾ ਹੈ ਅਤੇ ਫਿਰ ਮੌਕਾ ਦੇਖ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਇਹ ਗਿਰੋਹ ਬੜੀ ਚਾਲਾਕੀ ਨਾਲ ਕੰਮ ਕਰਦਾ ਹੈ ਅਤੇ ਭੀੜ-ਭਾੜ ਦਾ ਫਾਇਦਾ ਚੁੱਕ ਕੇ ਨਕਦੀ ਜਾਂ ਕੀਮਤੀ ਸਮਾਨ ‘ਤੇ ਹੱਥ ਸਾਫ਼ ਕਰ ਜਾਂਦਾ ਹੈ। ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਨਾਲ ਮਾਰਕੀਟ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਦੁਕਾਨਦਾਰ ਆਪਣੇ ਕਾਰੋਬਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ।
ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਣਪਛਾਤੀਆਂ ਔਰਤਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਐਸਆਈ ਸੋਮਨਾਥ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜਮਾ ਤੱਕ ਜਲਦੀ ਪਹੁੰਚਿਆ ਜਾ ਸਕੇ।
ਭਦੌੜ ਹਾਊਸ ਇਲਾਕੇ ਵਿੱਚ ਮਹਿਲਾ ਚੋਰ ਗਿਰੋਹ ਦੀ ਸਰਗਰਮੀ ਨੇ ਵਪਾਰੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇੱਕ ਪਾਸੇ ਦੁਕਾਨ ਵਿੱਚੋਂ 5 ਲੱਖ ਤੋਂ ਵੱਧ ਦੀ ਨਕਦੀ ਚੋਰੀ ਹੋਈ, ਜਦਕਿ ਓਹੀ ਗਿਰੋਹ ਮਾਰਕੀਟ ਵਿੱਚ ਹੋਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਾ ਨਜ਼ਰ ਆਇਆ। ਵਪਾਰੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੀ ਸੁਰੱਖਿਆ ਵਧਾਉਣ।