ਸੜਕ ਹਾਦਸੇ ’ਚ ਦੋ ਨੌਜਵਾਨ ਗੰਭੀਰ ਰੂਪ ’ਚ ਫੱਟੜ
ਕੰਟੇਨਰ ਚਾਲਕ ਦੀ ਲਾਪਰਵਾਹੀ ਦੇ ਚਲਦੇ ਵਾਪਰਿਆ ਭਿਆਨਕ ਹਾਦਸਾ
Publish Date: Tue, 12 May 2026 10:08 PM (IST)
Updated Date: Wed, 13 May 2026 04:12 AM (IST)
-ਕੰਟੇਨਰ ਚਾਲਕ ਦੀ ਲਾਪਰਵਾਹੀ ਦੇ ਚਲਦੇ ਵਾਪਰਿਆ ਹਾਦਸਾ
-ਟਰੈਕਟਰ ਤੇ ਟਰਾਲੀ ਟੁੱਟੀ, ਇੱਕ ਹੋਰ ਟਰੈਕਟਰ ਪਲਟਿਆ
---
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਮਲੇਰਕੋਟਲਾ ਰੋਡ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਜਦਕਿ ਟਰੈਕਟਰ ਟਰਾਲੀ ਵਿਚਕਾਰੋਂ ਟੁੱਟ ਗਈ। ਐਂਨਾ ਹੀ ਨਹੀਂ ਇੱਕ ਟਰੈਕਟਰ ਸੜਕ ਤੇ ਬੁਰੀ ਤਰ੍ਹਾਂ ਪਲਟ ਗਿਆ। ਇਹ ਭਿਆਨਕ ਹਾਦਸਾ ਕੈਂਟਰ ਚਾਲਕ ਦੀ ਲਾਪਰਵਾਹੀ ਦੇ ਚਲਦੇ ਵਾਪਰਿਆ। ਇਸ ਮਾਮਲੇ ਵਿੱਚ ਲੁਧਿਆਣਾ ਦੇ ਥਾਣਾ ਡੇਹਲੋਂ ਦੀ ਪੁਲਿਸ ਨੇ ਸੰਗਰੂਰ ਦੇ ਪਿੰਡ ਦਿੜਬਾ ਦੇ ਵਾਸੀ ਕਰਨੈਲ ਸਿੰਘ ਦੀ ਸ਼ਿਕਾਇਤ ਤੇ ਪਿੰਡ ਗੁਰਵਾ ਭਿਵਾਨੀ ਦੇ ਵਾਸੀ ਸੁਰਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਪ੍ਰਭਦੀਪ ਸਿੰਘ ਅਤੇ ਕਰਨਵੀਰ ਸਿੰਘ ਨਾਲ ਸਵਰਾਜ ਟਰੈਕਟਰ ਤੇ ਤੂੜੀ ਵਾਲੀ ਮਸ਼ੀਨ ਅਤੇ ਇੱਕ ਹੋਰ ਟਰੈਕਟਰ ਲੋਡ ਕਰਕੇ ਕੰਮ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਵੱਲ ਜਾ ਰਹੇ ਸਨ। ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਉਹ ਜਿਵੇਂ ਹੀ ਮਲੇਰ ਕੋਟਲਾ ਰੋਡ ਤੋਂ ਹੁੰਦੇ ਹੋਏ ਪਿੰਡ ਲਹਿਰਾ ਦੇ ਲਾਗੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੰਟੇਨਰ ਚਾਲਕ ਬੜੀ ਹੀ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਆਪਣਾ ਵਾਹਨ ਚਲਾ ਰਿਹਾ ਸੀ। ਉਨ੍ਹਾਂ ਨੇ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਬਹੁਤ ਜਿਆਦਾ ਲਾਪਰਵਾਹ ਸੀ। ਕਰਨੈਲ ਸਿੰਘ ਨੇ ਦੱਸਿਆ ਕਿ ਤੇਜ਼ ਰਫਤਾਰੀ ਨਾਲ ਭਜਾਏ ਜਾ ਰਹੇ ਕੰਟੇਨਰ ਨੇ ਇੱਕੋਸਟੇਨ ਫੈਕਟਰੀ ਦੇ ਬਿਲਕੁਲ ਸਾਹਮਣੇ ਉਨ੍ਹਾਂ ਦੀ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇਸ ਕਦਰ ਭਿਆਨਕ ਸੀ ਕਿ ਟਰੈਕਟਰ ਟਰਾਲੀ ਵਿਚਾਲਿਓ ਟੁੱਟ ਗਈ ਅਤੇ ਉਸ ਉੱਪਰ ਲੋਡ ਕੀਤਾ ਗਿਆ ਟਰੈਕਟਰ ਪਲਟ ਗਿਆ। ਤੂੜੀ ਵਾਲੀ ਮਸ਼ੀਨ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਕਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ ਦੇਖਿਆ ਕਿ ਉਸ ਦਾ ਭਤੀਜਾ ਕਰਨਵੀਰ ਅਤੇ ਨੌਜਵਾਨ ਪ੍ਰਭਦੀਪ ਸਿੰਘ ਵੀ ਗੰਭੀਰ ਰੂਪ ਵਿੱਚ ਫੱਟੜ ਹੋ ਚੁੱਕੇ ਸਨ। ਕੰਟੇਨਰ ਚਾਲਕ ਦੀ ਲਾਪਰਵਾਹੀ ਦੇ ਚਲਦੇ ਪ੍ਰਭਦੀਪ ਸਿੰਘ ਦੇ ਸਿਰ ਵਿੱਚ ਸੱਟਾਂ ਲੱਗੀਆਂ ਅਤੇ ਕਰਨਵੀਰ ਸਿੰਘ ਦੀ ਪਿੱਠ ਤੇ ਗਹਿਰੇ ਜ਼ਖਮ ਆਏ। ਦੋਵਾਂ ਨੌਜਵਾਨਾਂ ਨੂੰ ਇਲਾਜ ਲਈ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਕਰਨੈਲ ਸਿੰਘ ਨੇ ਦੱਸਿਆ ਕਿ ਸਮਾਂ ਤੜਕੇ ਦਾ ਸੀ ਖੁਦਾ ਨਾ ਖਾਸਤਾ ਜੇਕਰ ਇਹ ਹਾਦਸਾ ਦੁਪਹਿਰ ਵੇਲੇ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਉਧਰ ਇਸ ਮਾਮਲੇ ਵਿੱਚ ਥਾਣਾ ਡੇਹਲੋਂ ਦੇ ਏਐਸਆਈ ਧਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਰਨੈਲ ਸਿੰਘ ਦੀ ਸ਼ਿਕਾਇਤ ਤੇ ਕੰਟੇਨਰ ਚਾਲਕ ਸੁਰਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।