ਸਕੂਲ ਨੇ ਧੂਮਧਾਮ ਨਾਲ ਕਰਵਾਇਆ ਸਾਲਾਨਾ ਸਮਾਗਮ
ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਨੇ ਧੂਮ-ਧਾਮ ਨਾਲ ਕਰਵਾਇਆ ਸਲਾਨਾ ਸਮਾਗਮ
Publish Date: Mon, 13 Oct 2025 08:36 PM (IST)
Updated Date: Tue, 14 Oct 2025 04:11 AM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਦੇ ਸ਼ਿਮਲਾਪੁਰੀ ਸਥਿਤ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਵਿਖੇ ਸਲਾਨਾ ਸਮਾਗਮ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ। ਸਕੂਲ ਦੇ ਪਰੈਜ਼ੀਡੈਂਟ ਗੁਰਪਾਲ ਕੌਰ, ਡਾਇਰੈਕਟਰ ਦਾਨਿਸ਼ ਗਰੇਵਾਲ, ਪ੍ਰਿੰਸੀਪਲ ਹਰਜੀਤ ਕੌਰ, ਡਾਕਟਰ ਸੁਮਿਤ ਬੈਂਬੀ, ਸਰਬਜੀਤ ਕੌਰ, ਜੀਵਨ ਲਤਾ, ਸਵਾਤੀ ਮੱਲੀ ਅਤੇ ਸੰਦੀਪ ਕੌਰ ਦੁਆਰਾ ਸ਼ਮਾਂ ਰੌਸ਼ਨ ਕਰ ਕੇ ਸਾਲਾਨਾ ਸਮਾਗਮ ਦਾ ਆਗਾਜ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਸਮਾਗਮ ਦਾ ਆਰੰਭ ‘ਸਰਭ ਕਲਾਂ ਸਮਰੱਥ ਪ੍ਰਭੂ ਉਸਤਤ ਵਿੱਚ ਮਨ ਕਰਿ ਕਬਹੂ ਨ ਹਰਿ ਗੁਨ ਗਾਇਓ’ ਸ਼ਬਦ-ਗਾਇਨ ਨਾਲ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੱਭਿਆਚਾਰਿਕ ਪੇਸ਼ਕਾਰੀਆਂ ਰਾਹੀਂ ਪੂਰਾ ਦਿਨ ਸਮਾਗਮ ’ਚ ਖੂਬ ਰੰਗ ਬੰਨ੍ਹਿਆ। ਉਨ੍ਹਾਂ ਪ੍ਰਾਰਥਨਾ ਗੀਤ, ਗਰੁੱਪ ਡਾਂਸ, ਸੂਫੀ, ਕੱਥਕ, ਭੰਗੜਾ, ਗਿੱਧਾ, ਮੇਰਾ ਨਾਮ ਜੋਕਰ, ਹਵਾ ਤੇ ਪਾਣੀ ਦੀ ਸੰਭਾਲ ਅਤੇ ਨਸ਼ਿਆ ਤੋਂ ਬੱਚਣ ਨਾਲ ਸੰਬੰਧਿਤ ਕੋਰਿਓਗ੍ਰਾਫੀਆਂ ਦੀ ਬੇਹਤਰੀਨ ਪੇਸ਼ਕਾਰੀ ਨੇ ਸਭ ਦਾ ਦਿੱਲ ਜਿੱਤਿਆ। ਇਸ ਉਪਰੰਤ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਗਈ ਜਿਸ ਵਿੱਚ ਸਕੂਲ ਦੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰਾਪਤੀਆਂ ਤੇ ਚਾਨਣਾ ਪਾਇਆ ਗਿਆ। ਮੁੱਖ ਮਹਿਮਾਨ ਵੱਲੋਂ ਅਕਾਦਮਿਕ ਪੱਧਰ ਤੇ ਸੈਸ਼ਨ 2023-24, 2024-25 ਦੌਰਾਨ 8ਵੀਂ, ਦਸਵੀਂ ਅਤੇ ਬਾਰਵੀਂ ਵਿੱਚ ਮੈਰਿਟਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਖੇਡਾਂ ਦੇ ਖੇਤਰ ਵਿੱਚ ਅੰਡਰ-14, 17,19 ਟੀਮਾਂ ਵੱਲੋਂ ਰਾਜ ਅਤੇ ਨੈਸ਼ਨਲ ਪੱਧਰ ਤੇ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਅੰਤ ’ਚ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਵਿਦਿਆਰਥੀਆਂ ਨਾਲ ਜ਼ਿੰਦਗੀ ’ਚ ਕਾਮਯਾਬ ਹੋਣ ਦੇ ਨੁਕਤੇ ਸਾਂਝੇ ਕੀਤੇ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਚੁਣੌਤੀਆਂ ਹੀ ਮਨੁੱਖ ਨੂੰ ਮਜਬੂਤ ਤੇ ਸਫ਼ਲ ਬਣਾਉਦੀਆਂ ਹਨ। ਪ੍ਰਿੰਸੀਪਲ ਹਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੱਚੇ ਰਸਤੇ ਉੱਪਰ ਚੱਲਣ ਲਈ ਪ੍ਰੇਰਿਤ ਕਰਦੇ ਹੋਏ ਸਮਾਗਮ ਵਿੱਚ ਆਏ ਮਹਿਮਾਨਾਂ ਤੇ ਮਾਤਾ- ਪਿਤਾ ਦਾ ਧੰਨਵਾਦ ਕੀਤਾ ਗਿਆ।