ਤਕਨਾਲੋਜੀ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ : ਮਾਸਟਰ ਗੁਰਸੇਵਕ ਸਿੰਘ
ਅੱਜ ਦੀ ਪੀੜ੍ਹੀ ਲਈ ਤਕਨਾਲੋਜੀ ਦੀ ਜਾਣਕਾਰੀ ਬਹੁਤ ਜ਼ਰੂਰੀ-ਮਾਸਟਰ ਗੁਰਸੇਵਕ ਸਿੰਘ
Publish Date: Sun, 10 May 2026 06:39 PM (IST)
Updated Date: Mon, 11 May 2026 04:09 AM (IST)
ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ
ਰਾਸ਼ਟਰੀ ਟੈਕਨਾਲੋਜੀ ਦਿਵਸ ਹਰ ਸਾਲ 11 ਮਈ ਨੂੰ ਮਨਾਇਆ ਜਾਂਦਾ ਹੈ,ਇਹ ਦਿਨ ਭਾਰਤ ਦੀ ਵਿਗਿਆਨਿਕ ਤਰੱਕੀ ਅਤੇ ਤਕਨਾਲੋਜੀ ਉਪਲਬਧੀਆਂ ਨੂੰ ਯਾਦ ਕਰਨ ਲਈ ਸਮਰਪਿਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਆਫ਼ ਐਮੀਨੈਂਸ ਸਾਹਨੇਵਾਲ ਦੇ ਕੰਪਿਊਟਰ ਅਧਿਆਪਕ ਗੁਰਸੇਵਕ ਸਿੰਘ ਸੰਦੀਲਾ ਵੱਲੋਂ ਕੀਤੀ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਕੰਪਿਊਟਰ ਅਤੇ ਡਿਜ਼ਿਟਲ ਤਕਨਾਲੋਜੀ ਸਿੱਖਿਆ, ਸਿਹਤ, ਖੇਤੀਬਾੜੀ, ਵਪਾਰ ਅਤੇ ਰੁਜ਼ਗਾਰ ਦੇ ਹਰ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਰਾਸ਼ਟਰੀ ਤਕਨਾਲੋਜੀ ਦਿਵਸ ਤੇ ਅਪਣੇ ਵਿਚਾਰ ਰੱਖਦਿਆਂ ਮਾਸਟਰ ਗੁਰਸੇਵਕ ਸਿੰਘ ਸਾਹਨੇਵਾਲ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਲਈ ਤਕਨਾਲੋਜੀ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ।ਵਿਦਿਆਰਥੀਆਂ ਨੂੰ ਕੇਵਲ ਕਿਤਾਬੀ ਗਿਆਨ ਹੀ ਨਹੀਂ, ਸਗੋਂ ਕੰਪਿਊਟਰ, ਇੰਟਰਨੈੱਟ, ਕੋਡਿੰਗ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਵਰਗੀਆਂ ਨਵੀਆਂ ਤਕਨੀਕਾਂ ਦੀ ਸਮਝ ਵੀ ਹੋਣੀ ਚਾਹੀਦੀ ਹੈ। ਇਸ ਨਾਲ ਉਹ ਭਵਿੱਖ ਵਿੱਚ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਤਕਨਾਲੋਜੀ ਨੇ ਸਿੱਖਿਆ ਪ੍ਰਣਾਲੀ ਨੂੰ ਬਹੁਤ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ। ਆਨਲਾਈਨ ਕਲਾਸਾਂ, ਡਿਜ਼ਿਟਲ ਲਾਇਬ੍ਰੇਰੀਆਂ ਅਤੇ ਸਮਾਰਟ ਕਲਾਸਰੂਮਾਂ ਨੇ ਵਿਦਿਆਰਥੀਆਂ ਲਈ ਸਿੱਖਣ ਦੇ ਨਵੇਂ ਰਾਹ ਖੋਲ੍ਹੇ ਹਨ। ਪਿੰਡਾਂ ਦੇ ਵਿਦਿਆਰਥੀ ਵੀ ਹੁਣ ਇੰਟਰਨੈੱਟ ਰਾਹੀਂ ਦੁਨੀਆ ਭਰ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।ਗੁਰਸੇਵਕ ਸਿੰਘ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਤਕਨਾਲੋਜੀ ਦਾ ਸਹੀ ਅਤੇ ਸੁਰੱਖਿਅਤ ਇਸਤੇਮਾਲ ਕਰਨਾ ਸਮੇਂ ਦੀ ਲੋੜ ਹੈ। ਸਾਨੂੰ ਸੋਸ਼ਲ ਮੀਡੀਆ ਦਾ ਸਦਉਪਯੋਗ ਕਰਨਾ ਚਾਹੀਦਾ ਹੈ ਅਤੇ ਸਾਈਬਰ ਸੁਰੱਖਿਆ ਬਾਰੇ ਵੀ ਜਾਗਰੂਕ ਰਹਿਣਾ ਚਾਹੀਦਾ ਹੈ।