24 ਅਪ੍ਰੈਲ ਦੀ ਮੀਟਿੰਗ 'ਚ ਹੱਲ ਨਾ ਨਿਕਲਿਆ ਤਾਂ ਸੰਘਰਸ਼ ਤੇਜ਼ ਕਰਨਗੇ ਅਧਿਆਪਕ
24 ਅਪ੍ਰੈਲ ਦੀ ਮੀਟਿੰਗ 'ਚ ਹੱਲ ਨਾ ਨਿਕਲਿਆ ਤਾਂ ਸੰਘਰਸ਼ ਤੇਜ਼ ਕਰਨਗੇ ਅਧਿਆਪਕ
Publish Date: Mon, 20 Apr 2026 08:18 PM (IST)
Updated Date: Tue, 21 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਨੈਸ਼ਨਲ ਸਕਿੱਲਜ਼ ਕੁਆਲੀਫਿਕੇਸ਼ਨਜ਼ ਫਰੇਮਵਰਕ ਐੱਨਐੱਸਕਿਊਐੱਫ ਵੋਕੇਸ਼ਨਲ ਟੀਚਰਜ ਫਰੰਟ ਪੰਜਾਬ ਨੂੰ 24 ਅਪ੍ਰੈਲ ਸਬ ਕਮੇਟੀ ਨਾਲ ਪੰਜਾਬ ਸਿਵਲ ਸਕੱਤਰੇਤ-1 ਚੰਡੀਗੜ੍ਹ ਵਿਖੇ ਮੀਟਿੰਗ ਮਿਲੀ ਹੋਈ ਹੈ। ਜੇਕਰ ਇਸ ਮੀਟਿੰਗ ’ਚ ਵੀ ਟਾਲ ਮਟੋਲ ਦਾ ਰਵੱਈਆ ਅਪਣਾਇਆ ਜਾਂਦਾ ਹੈ ਤਾਂ ਫਰੰਟ ਵੱਲੋਂ ਤਿੱਖਾ ਐਕਸ਼ਨ ਕੀਤਾ ਜਾਵੇਗਾ, ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਲਗਾਤਾਰ 10ਤੋਂ 12 ਮੀਟਿੰਗਾਂ ਵਿੱਤ ਮੰਤਰੀ ਹਰਪਾਲ ਚੀਮਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਡੀਜੀਐੱਸਈ, ਸਿੱਖਿਆ ਸਕੱਤਰ ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ ਸੁਨਾਲੀ ਗਿਰੀ ਨਾਲ ਹੋ ਗਈਆਂ ਹਨ,ਪਰ ਸਰਕਾਰ ਲਾਰੇ ਲੱਪੇ ਦੀ ਨੀਤੀ ਅਪਣਾ ਕੇ ਸਮਾਂ ਲੰਘਾ ਰਹੀ ਹੈ ਤੇ ਸਾਡੇ ਮਸਲੇ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਐੱਨਐੱਸਕਿਊਐੱਫ ਵੋਕੇਸ਼ਨਲ ਟੀਚਰ ਆਊਟਸੋਰਸ ਸਕੀਮ ਅਧੀਨ ਵੱਖ-ਵੱਖ ਕੰਪਨੀਆਂ ਵੱਲੋ ਕੀਤੇ ਜਾ ਰਹੇ ਸ਼ੋਸਨ ਦਾ ਸ਼ਿਕਾਰ ਹੋ ਰਹੇ ਹਨ। ਇਸ ਸਰਕਾਰ ਨੇ ਤਨਖਾਹ ਵਾਧਾ ਤੇ ਆਊਟਸੋਰਸ ਕਾਮਿਆ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਸਰਕਾਰ ਦੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਐਨਐਸਕਿਊਐਫ ਵੋਕੇਸ਼ਨਲ ਟੀਚਰ ਬਹੁਤ ਘੱਟ ਤਨਖਾਹਾਂ ਤੇ ਆਪਣੇ ਘਰਾਂ ਤੋ 100-100 ਕਿਲੋਮੀਟਰ ਦੂਰ ਪਿਛਲੇ 11 ਸਾਲਾਂ ਤੋ ਨੌਕਰੀ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਵਿਧਾਨ ਸਭਾ ਵਿੱਚ ਕਈ ਬਿਆਨ ਵੀ ਦਿੱਤੇ ਗਏ ਕਿ ਕੰਪਨੀਆ ਵੱਲੋ ਮੁਲਾਜ਼ਮਾ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਤੇ ਅਸੀ ਇਹ ਸਭ ਬੰਦ ਕਰਕੇ ਇਨਾਂ ਨੂੰ ਪੱਕੇ ਕਰਾਂਗੇ। ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਐੱਨਐੱਸਕਿਊਐੱਫ ਵੋਕੇਸ਼ਨਲ ਟ੍ਰੇਨਰਜ਼ ਨੂੰ ਸਿੱਖਿਆ ਵਿਭਾਗ ’ਚ ਸ਼ਾਮਿਲ ਕਰਕੇ ਤਨਖਾਹ ਵਾਧਾ ਕੀਤਾ ਜਾਵੇ। ਵੋਕੇਸ਼ਨਲ ਟ੍ਰੇਨਰਜ਼ ਦੀ ਨੌਕਰੀ ਸੁਰੱਖਿਆ ਯਕੀਨੀ ਬਣਾਈ ਜਾਵੇl ਇਸ ਮੌਕੇ ਸਟੇਟ ਕਮੇਟੀ ਮੈਂਬਰ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ੍ਹ, ਮਾਸਟਰ ਬਲਵੀਰ ਸਿੰਘ ਅਮਲੋਹ, ਰਣਜੀਤ ਸਿੰਘ ਨਵਾਂਸਹਿਰ ਤੇ ਗੁਰਜੀਤ ਸਿੰਘ ਬਠਿੰਡਾ, ਸੁਖਰਾਜਵੀਰ ਸਿੰਘ ਤਰਨਤਾਰਨ ਮਹਿਤਾਬ ਸਿੰਘ ਫਿਰੋਜ਼ਪੁਰ ਤੇ ਮਨਪ੍ਰੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਆਦਿ ਹਾਜ਼ਰ ਸਨ।