ਐਤਵਾਰ ਸਵੇਰੇ ਹਨੇਰੀ, ਝੱਖੜ ’ਤੇ ਹਵਾਵਾਂ ਨਾਲ ਪਿਆ ਤੇਜ਼ ਮੀਂਹ, ਘੁੱਪ ਹਨੇਰਾ ਛਾਇਆ

-ਕੁੱਝ ਘੰਟਿਆਂ ਪਿੱਛੋਂ ਨਿਕਲੀ ਧੁੱਪ, ਗਰਮੀ ਤੋਂ ਫਿਰ ਵੀ ਰਹੀ ਰਾਹਤ
-ਸਾਰਾ ਦਿਨ ਬਣੀ ਰਹੀ ਬੱਦਲਵਾਈ, ਸੋਮਵਾਰ ਨੂੰ ਵੀ ਮੀਂਹ ਦੇ ਆਸਾਰ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਸ਼ਨਿੱਚਰਵਾਰ ਨੂੰ ਪਈ ਅੱਤ ਦੀ ਗਰਮੀ ਤੋਂ ਬਾਅਦ ਐਤਵਾਰ ਸਵੇਰੇ ਕਰੀਬ 6 ਵਜੇ ਹਨੇਰੀ, ਝੱਖੜ’ਤੇ ਹਵਾਵਾਂ ਚੱਲੀਆਂ ਅਤੇ ਘੁੱਪ ਹਨੇਰਾ ਛਾ ਗਿਆ। ਕੁੱਝ ਮਿੰਟਾਂ ਪਿੱਛੋਂ ਹੀ ਤੇਜ਼ ਮੀਂਹ ਪੈਣਾ ਸ਼ੁਰੂ ਹੋਇਆ ਜੋ ਇੱਕ ਘੰਟੇ ਦੇ ਕਰੀਬ ਜਾਰੀ ਰਿਹਾ। ਜਿਉਂ ਜਿਉਂ ਦਿਨ ਚੜ੍ਹਦਾ ਗਿਆ ਧੁੱਪ ਨੇ ਵੀ ਆਪਣਾ ਰੰਗ ਵਿਖਾਇਆ ਪਰ ਬੱਦਲਵਾਈ ਦਰਮਿਆਨ ਗਰਮੀ ਤੋਂ ਰਾਹਤ ਰਹੀ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ। ਇਸ ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ ਉੱਥੇ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਮੁੱਖ ਤੌਰ ’ਤੇ ਹਰ ਵਾਰ ਦੀ ਤਰ੍ਹਾਂ ਟਰੈਫਿਕ ਜਾਮ ਦੀ ਸਮੱਸਿਆ ਪੇਸ਼ ਆਈ। ਇੱਕ ਰਾਹਗੀਰ ਨੇ ਗੱਲ ਕਰਦੇ ਹੋਏ ਕਿਹਾ ਕਿ ਬੇਸ਼ੱਕ ਸ਼ਹਿਰ ਵਿੱਚ ਵਿਕਾਸ ਦੇ ਨਾਮ ਤੇ ਜਗਾ ਜਗਾ ਕੰਮ ਚੱਲ ਰਿਹਾ ਹੈ ਪਰ ਲੋਕਾਂ ਨੂੰ ਇੱਧਰ ਉੱਧਰ ਜਾਣ ਵਿੱਚ ਖਾਸ ਕਰ ਰੋਜਾਨਾ ਕੰਮ ਕਾਰ ਤੇ ਜਾਣ ਵਾਲਿਆਂ ਨੂੰ ਜੋ ਦਿੱਕਤ ਆ ਰਹੀ ਹੈ ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੀਂਹ ਆਉਣ ਨਾਲ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਬਿਜਲੀ ਦਾ ਵਾਰ ਵਾਰ ਜਾਣਾ ਇੰਨ੍ਹਾਂ ਪਰੇਸ਼ਾਨੀਆਂ ਵਿੱਚ ਹੋਰ ਵਾਧਾ ਕਰਦਾ ਹੈ। ਗੰਦਾ ਪਾਣੀ ਇਕੱਠਾ ਹੋਣ ਨਾਲ ਮੱਛਰ ਵਧ ਜਾਂਦੇ ਹਨ ਜਿਸ ਨਾਲ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਮੌਸਮ ਸਬੰਧੀ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਮੌਸਮ ਵਿਭਾਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਮਹਾਂ ਨਗਰ ਵਿੱਚ 22.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ ਜਿਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਦਲੇ ਮੌਸਮ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ। ਡਾ.ਕਿੰਗਰਾ ਨੇ ਦੱਸਿਆ ਕਿ ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 18.2 ਡਿਗਰੀ ਰਿਹਾ। ਆਉਣ ਵਾਲੇ ਮੌਸਮ ਸਬੰਧੀ ਉਨ੍ਹਾਂ ਦੱਸਿਆ ਕਿ ਅੱਜ ਅਤੇ ਕੱਲ੍ਹ ਸਥਿੱਤੀ ਜਿਉਂ ਦੀ ਤਿਉਂ ਬਣੀ ਰਹੇਗੀ। ਵਿਭਾਗ ਵੱਲੋਂ ਆਰੇਜ਼ ਅਲਰਟ ਜਾਰੀ ਕੀਤਾ ਗਿਆ ਹੈ।
---
ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਸਰਕਾਰ : ਬਰਮਾ
ਕਿਸਾਨ ਆਗੂ ਗੁਰਦੀਪ ਸਿੰਘ ਬਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚੋਂ ਕਣਕ ਦਾ ਦਾਣਾ ਦਾਣਾ ਚੁੱਕਣ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਸਨ ਜਿਸ ਦੀ ਅੱਜ ਆਏ ਮੀਂਹ ਅਤੇ ਹਨੇਰੀ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ, ਮੰਡੀਆਂ ਵਿੱਚ ਕਣਕ ਤੋਲੀ ਗਈ ਕਣਕ ਦੇ ਅੰਬਾਰ ਲੱਗੇ ਪਏ ਹਨ ਪਰ ਐਨਾ ਸਮਾਂ ਬੀਤ ਜਾਣ ਤੋਂ ਬਾਅਦ ਅਤੇ ਕਣਕ ਦਾ ਸੀਜ਼ਨ ਖਤਮ ਹੋਣ ਦੇ ਕੰਢੇ ਹੋਣ ਤੋਂ ਬਾਅਦ ਵੀ ਸਰਕਾਰ ਵੱਲੋਂ ਉਸ ਤੋਲੀ ਗਈ ਕਣਕ ਦੀ ਲਿਫਟਿੰਗ ਨਾਂ ਹੋਣ ਕਾਰਨ ਅੱਜ ਵਾਲੇ ਮੀਂਹ ਅਤੇ ਹਨੇਰੀ ਨੇ ਖੁੱਲੇ ਅਸਮਾਨ ਥੱਲੇ ਪਈਆਂ ਕਣਕ ਦੀਆਂ ਬੋਰੀਆਂ ਨੂੰ ਸਰਕਾਰਾਂ ਦੀ ਗਲਤੀ ਕਾਰਨ ਭਿਓ ਕੇ ਰੱਖ ਦਿੱਤਾ ਹੈ। ਉਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪਹਿਲਾ ਹੀ ਆਰਥਿਕ ਤੌਰ ਤੇ ਟੁੱਟ ਚੁੱਕੇ ਕਿਸਾਨਾਂ ਦੀ ਕਣਕ ਦੀ ਫਸਲ ਪਹਿਲਾਂ ਬੇਮੌਸਮੀ ਬਰਸਾਤ, ਹਨੇਰੀ, ਗੜੇਮਾਰੀ ਕਾਰਨ ਬਰਬਾਦ ਹੋ ਗਈ ਸੀ ਜਿਸ ਦਾ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਸੀ ਅਤੇ ਅੱਜ ਫੇਰ ਤੋ ਕਿਸਾਨਾਂ ਦੇ ਜਖਮਾ ਉੱਪਰ ਲੂਣ ਛਿੜਕਦੇ ਹੋਏ ਅੱਜ ਆਈ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਦੀ ਇੱਕੋ ਇੱਕ ਆਸ ਦੇ ਰੂਪ ਵਿੱਚ ਬਚੀ ਮੱਕੀ ਦੀ ਫਸਲ ਨੂੰ ਵੀ ਧਰਤੀ ਉੱਤੇ ਵਿਛਾ ਦਿੱਤਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਹੀ ਆਰਥਿਕ ਤੌਰ ਤੇ ਟੁੱਟ ਚੁੱਕੇ ਕਿਸਾਨਾਂ ਦੀ ਬਾਂਹ ਫੜਦੇ ਹੋਏ ਤੁਰੰਤ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ।