ਤੇਜਾ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਨਤੀਜਿਆਂ 'ਚ ਗੱਡੇ ਆਪਣੀ ਜਿੱਤ ਦੇ ਝੰਡੇ

-ਲੁਧਿਆਣਾ ਜ਼ਿਲ੍ਹੇ ਦੀਆਂ ਕੁੱਲ 40 ਮੈਰਿਟਾਂ ਵਿੱਚੋਂ 30 ਮੈਰਿਟਾਂ ਹਾਸਲ ਕਰਕੇ ਜ਼ਿਲ੍ਹੇ ਦਾ ਵਧਾਇਆ ਮਾਣ
---
ਰਵੀ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਤੇਜਾ ਸਿੱਖ ਸੁਤੰਤਰ ਸੀਨੀਅਰ ਸੈਕੈਂਡਰੀ ਸਕੂਲ ਦੇ ਅਕਾਦਮਿਕ ਸਿਤਾਰਿਆਂ ਨੇ ਆਪਣੀ ਅਣਥੱਕ ਮਿਹਨਤ ਅਤੇ ਦ੍ਰਿੜ ਸੰਕਲਪ ਸਦਕਾ ਕਾਮਰਸ ਆਰਟਸ ਅਤੇ ਸਾਇੰਸ ਸਟਰੀਮਾਂ ਵਿੱਚ ਸ਼ਲਾਘਾਯੋਗ ਤੇ ਅਦੁੱਤੀ ਕੀਰਤੀਮਾਨ ਸਥਾਪਿਤ ਕੀਤੇ, ਜੋ ਕਿ ਸਕੂਲ ਦੇ ਉੱਚ ਪੱਧਰੀ ਵਿੱਦਿਅਕ ਮਿਆਰ ਦੀ ਗਵਾਹੀ ਭਰਦੇ ਹਨ।
ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਅਤੇ ਪ੍ਰਿੰਸੀਪਲ ਹਰਜੀਤ ਕੌਰ ਨੇ ਵੱਖ-ਵੱਖ ਗਰੁੱਪਾਂ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਬੜੇ ਗੌਰਵ ਨਾਲ ਦੱਸਿਆ ਕਿ ਆਰਟਸ ਗਰੁੱਪ ਦੀ ਵਿਦਿਆਰਥਣ ਦਿਵਾਂਸ਼ੀ ਨੇ 500/500 (100 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ। ਸਾਇੰਸ ਗਰੁੱਪ ਦੀ ਵਿਦਿਆਰਥਣ ਸਿਮਰਨ ਤਿਵਾੜੀ ਨੇ 497/500 (99.40 ਫ਼ੀਸਦੀ) ਅੰਕ ਪ੍ਰਾਪਤ ਕਰਕੇ ਚੌਥਾ ਰੈਂਕ, ਕਾਮਰਸ ਗਰੁੱਪ ਦੀ ਵਿਦਿਆਰਥਣ ਤਾਨਿਆ ਸ਼ਰਮਾ ਨੇ 492/500 (98.40 ਫ਼ੀਸਦੀ) ਅੰਕ ਹਾਸਲ ਕਰਕੇ ਨੌਵਾਂ ਰੈਂਕ ਹਾਸਿਲ ਕੀਤਾ। ਕਾਮਰਸ ਗਰੁੱਪ ਦੇ ਸ਼ੌਰੇਯਵੀਰ ਠਾਕੁਰ ਤੇ ਆਰਟਸ ਗਰੁੱਪ ਦੇ ਰਣਜੀਤ ਸਿੰਘ ਨੇ 492/500(98.48 ਫ਼ੀਸਦੀ) ਅੰਕ ਹਾਸਿਲ ਕਰਕੇ ਸਟੇਟ ਪੱਧਰ ਤੇ ਨੌਵਾਂ ਰੈਂਕ ਅਤੇ ਕਾਮਰਸ ਗਰੁੱਪ ਦੇ ਸਨਮੀਸ਼ ਪਟੇਲ ਨੇ ਤੇ ਲਵਪ੍ਰੀਤ ਕੌਰ ਨੇ 491/500(98.20 ਫ਼ੀਸਦੀ) ਅੰਕ ਹਾਸਲ ਕਰਕੇ ਸਟੇਟ ਪੱਧਰ ਤੇ 10ਵਾਂ ਰੈਂਕ ਪ੍ਰਾਪਤ ਕੀਤਾ। ਸਕੂਲ ਦੇ 30 ਵਿਦਿਆਰਥੀਆਂ ਨੇ ਮੈਰਿਟ ਹਾਸਲ ਅਤੇ 227 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਦੇ ਸੰਸਥਾ ਦੀ ਸ਼ਾਨ ਨੂੰ ਚਾਰ ਚੰਦ ਲਗਾਏ। ਲੁਧਿਆਣਾ ਜ਼ਿਲ੍ਹੇ ਦੀਆਂ ਕੁੱਲ 40 ਮੈਰਿਟਾਂ ਵਿੱਚੋਂ 30 ਮੈਰਿਟਾਂ ਹਾਸਿਲ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ। ਜ਼ਿਲ੍ਹੇ ਦੇ ਪਹਿਲੇ ਸਥਾਨਾਂ ਤੇ ਆਪਣੀ ਮੋਹਰ ਲਗਾਉਣ ਵਾਲੇ 10 ਵਿਦਿਆਰਥੀਆਂ ਵਿੱਚੋਂ ਨੌ ਵਿਦਿਆਰਥੀ ਇਸੇ ਸੰਸਥਾ ਨਾਲ ਸੰਬੰਧਿਤ ਹਨ। ਸਕੂਲ ਦਾ ਸਮੁੱਚਾ ਨਤੀਜਾ 100 ਫ਼ੀਸਦੀ ਰਿਹਾ।
ਇਸ ਮਿਸਾਲੀ ਸਫਲਤਾ ਦੀ ਖੁਸ਼ੀ ਵਿੱਚ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਮਿਹਨਤੀ ਅਧਿਆਪਕ ਸਾਹਿਬਾਨ, ਸਫਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਹਰਜੀਤ ਕੌਰ ਤੇ ਪ੍ਰੈਜੀਡੈਂਟ ਗੁਰਪਾਲ ਕੌਰ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਸਖਤ ਮਿਹਨਤ, ਅਧਿਆਪਕਾਂ ਦੀ ਸੁਚੱਜੀ ਰਹਿਨੁਮਾਈ ਤੇ ਮਾਪਿਆਂ ਦੇ ਸਹਿਯੋਗ ਸਿਰ ਬੰਨਿਆ। ਇਸ ਸੁਭਾਗੇ ਅਵਸਰ ਤੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਵਿਦਿਆਥੀਆਂ ਦੇ ਉੱਜਵਲ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ ਗਈ।