ਫਲੋਅ ਮੀਟਰ ਨਾ ਲਾਉਣ ਵਾਲੀਆਂ ਡੇਅਰੀਆਂ ਖ਼ਿਲਾਫ਼ ਹੋਵੇਗੀ ਸਖ਼ਤੀ
ਫਲੋਅ ਮੀਟਰ ਨਾ ਲਗਾਉਣ ਵਾਲੀਆਂ ਡੇਅਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
Publish Date: Mon, 18 May 2026 09:53 PM (IST)
Updated Date: Tue, 19 May 2026 04:11 AM (IST)

ਬੁੱਢਾ ਦਰਿਆ ਪ੍ਰਦੂਸ਼ਣ ਮਾਮਲੇ ’ਚ ਪ੍ਰਸ਼ਾਸਨ ਸਖ਼ਤ, ਪਾਣੀ ਦੀ ਦੁਰਵਰਤੋਂ ਤੇ ਗੋਹਾ ਸੁੱਟਣ ਵਾਲਿਆਂ ’ਤੇ ਕੱਸਿਆ ਸ਼ਿਕੰਜਾ --- ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਬੁੱਢੇ ਦਰਿਆ ਦੀ ਸਫ਼ਾਈ ਅਤੇ ਪ੍ਰਦੂਸ਼ਣ ਰੋਕਣ ਲਈ ਪ੍ਰਸ਼ਾਸਨ ਨੇ ਹੁਣ ਸਖ਼ਤ ਰਵੱਈਆ ਅਪਣਾਉਂਦੇ ਹੋਏ ਡੇਅਰੀ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੁੱਢੇ ਦਰਿਆ ਦੀ ਸਫ਼ਾਈ ਸਬੰਧੀ ਹੋਈ 37ਵੀਂ ਸਮੀਖਿਆ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਗਏ, ਜਿਨ੍ਹਾਂ ਵਿੱਚ ਫਲੋਅ ਮੀਟਰ ਨਾ ਲਗਾਉਣ ਵਾਲੀਆਂ ਡੇਅਰੀਆਂ, ਧਰਤੀ ਹੇਠਲੇ ਪਾਣੀ ਦੀ ਬੇਹਿਸਾਬ ਵਰਤੋਂ ਕਰਨ ਵਾਲਿਆਂ ਅਤੇ ਦਰਿਆ ਵਿੱਚ ਗੋਹਾ ਸੁੱਟਣ ਵਾਲਿਆਂ ‘ਤੇ ਕਾਰਵਾਈ ਕਰਨ ਦਾ ਫੈਸਲਾ ਸ਼ਾਮਲ ਹੈ। ਮੀਟਿੰਗ ਦੀ ਅਗਵਾਈ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕੀਤੀ, ਜਦਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਪੱਸ਼ਟ ਕੀਤਾ ਕਿ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨਾਲ ਕੋਈ ਰਿਆਇਤ ਨਹੀਂ ਬਰਤੀ ਜਾਵੇਗੀ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਇੰਡਸਟਰੀਆਂ ਅਤੇ ਡੇਅਰੀਆਂ ਖ਼ਿਲਾਫ਼ ਬਿਨ੍ਹਾਂ ਕਿਸੇ ਢਿੱਲ ਦੇ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਡੇਅਰੀ ਮਾਲਕਾਂ ਨੂੰ ਪਾਣੀ ਸਟੋਰ ਕਰਨ ਲਈ ਟੈਂਕੀਆਂ ਲਗਾਉਣ ਦੇ ਹੁਕਮ ਵੀ ਦਿੱਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਈ ਡੇਅਰੀਆਂ ਵਿੱਚ ਥੋੜ੍ਹੀ ਜਿਹੀ ਲੋੜ ਲਈ ਵੀ ਮੋਟਰਾਂ ਚਲਾ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਸੈਂਕੜਿਆਂ ਲੀਟਰ ਪਾਣੀ ਦੀ ਬਰਬਾਦੀ ਹੋ ਰਹੀ ਹੈ। ਇਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ। ਸੰਤ ਸੀਚੇਵਾਲ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬੇਤਹਾਸ਼ਾ ਖਪਤ ਭਵਿੱਖ ਵਿੱਚ ਵੱਡਾ ਸੰਕਟ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਐਨਜੀਟੀ ਦੇ ਨਿਯਮਾਂ ਅਨੁਸਾਰ ਪ੍ਰਤੀ ਪਸ਼ੂ 100 ਲੀਟਰ ਪਾਣੀ ਦੀ ਵਰਤੋਂ ਮਨਜ਼ੂਰ ਹੈ, ਪਰ ਕਈ ਡੇਅਰੀਆਂ ਵਿੱਚ ਇਹ ਖਪਤ 500 ਲੀਟਰ ਤੱਕ ਪਹੁੰਚ ਰਹੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਡੇਅਰੀ ਮਾਲਕ ਸਾਫ਼ ਪਾਣੀ ਨਾਲ ਗੋਹਾ ਧੋ ਕੇ ਬੁੱਢੇ ਦਰਿਆ ਵਿੱਚ ਸੁੱਟ ਰਹੇ ਹਨ। ਇਹ ਗੰਦਾ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਵਿੱਚ ਮਿਲਦਾ ਹੈ ਅਤੇ ਫਿਰ ਮਾਲਵਾ ਖੇਤਰ ਅਤੇ ਰਾਜਸਥਾਨ ਤੱਕ ਪੀਣ ਵਾਲੇ ਪਾਣੀ ਵਜੋਂ ਪਹੁੰਚਦਾ ਹੈ। ਇਸ ਕਾਰਨ ਨਾ ਸਿਰਫ਼ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਲੋਕਾਂ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। --- ਜਿਨ੍ਹਾਂ ਦੇ ਕੁਨੈਕਸ਼ਨ ਕੱਟੇ, ਉਹ ਲਾ ਰਹੇ ਨੇ ਕੁੰਡੀਆਂ ਮੀਟਿੰਗ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਡੇਅਰੀਆਂ ਦੇ ਗੋਹਾ ਸੁੱਟਣ ਕਾਰਨ ਬਿਜਲੀ ਕੁਨੈਕਸ਼ਨ ਕੱਟੇ ਗਏ ਸਨ, ਉਨ੍ਹਾਂ ਵਿੱਚੋਂ ਕਈ ਡੇਅਰੀ ਮਾਲਕ ਹੁਣ ਕੁੰਡੀਆਂ ਲਗਾ ਕੇ ਬਿਜਲੀ ਦੀ ਚੋਰੀ ਕਰ ਰਹੇ ਹਨ ਅਤੇ ਪਾਣੀ ਦੀ ਦੁਰਵਰਤੋਂ ਜਾਰੀ ਹੈ। ਇਸ ਮਾਮਲੇ ‘ਤੇ ਵੀ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਇਸ ਤੋਂ ਇਲਾਵਾ ਕੁਝ ਡੇਅਰੀਆਂ ਵਿੱਚ ਪਸ਼ੂਆਂ ਦੀ ਗਿਣਤੀ ਸਮਰੱਥਾ ਤੋਂ ਵੱਧ ਹੋਣ ਕਾਰਨ ਪਸ਼ੂਆਂ ਨੂੰ ਢੰਗ ਦੀ ਥਾਂ ਨਹੀਂ ਮਿਲ ਰਹੀ। ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੁਝ ਥਾਵਾਂ ‘ਤੇ ਦੁੱਧ ਉਤਪਾਦਨ ਵਧਾਉਣ ਲਈ ਟੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਮਨੁੱਖੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚੋਂ ਹੁਣ ਕੇਵਲ ਗੌਂਸਪੁਰ ਪਿੰਡ ਦਾ ਗੰਦਾ ਪਾਣੀ ਹੀ ਬੁੱਢੇ ਦਰਿਆ ਵਿੱਚ ਪੈ ਰਿਹਾ ਹੈ ਅਤੇ ਇਸ ਸਮੱਸਿਆ ਦਾ ਹੱਲ ਵੀ ਜਲਦੀ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਬੁੱਢੇ ਦਰਿਆ ਦੀ ਸਫ਼ਾਈ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।