ਲੁਧਿਆਣਾ ’ਚ ਡਰਿੰਕ ਐਂਡ ਡਰਾਈਵ ’ਤੇ ਸਖ਼ਤੀ, ਤਿੰਨ ਮਹੀਨਿਆਂ ’ਚ ਕੀਤੇ 2791 ਸ਼ਰਾਬੀਆਂ ਦੇ ਚਲਾਨ

-ਤਿੰਨ ਮਹੀਨਿਆਂ ’ਚ ਕੀਤੇ 2791 ਸ਼ਰਾਬੀਆਂ ਦੇ ਕੀਤੇ ਚਲਾਨ
-ਮਹਾਨਗਰ ’ਚ ਕੀਤੀਆਂ ਗਈਆਂ ਵਿਸ਼ੇਸ਼ ਨਾਕਾਬੰਦੀਆਂ
---
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਵਿੱਚ ਅਕਸਰ ਦੇਰ ਰਾਤ ਨੂੰ ਲੋਕ ਸ਼ਰਾਬ ਪੀਕੇ ਗੱਡੀਆਂ ਚਲਾਉਦੇ ਦਿਖਾਈ ਦਿੰਦੇ ਹਨ, ਜਿਸ ਦੌਰਾਨ ਉਨ੍ਹਾਂ ਦਾ ਗੱਡੀਆਂ ਤੋਂ ਸੰਤੁਲਨ ਬਗੜ ਜਾਂਦਾ ਹੈ ਤੇ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੇ ਹਨ, ਜਿਸ ਵਿੱਚ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਹੁਣ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਦਯੋਗਿਕ ਸ਼ਹਿਰ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਦੇ ਚਿੰਤਾਜਨਕ ਬਣੇ ਮਾਮਲਿਆਂ ਨੂੰ ਨੱਥ ਪਾਉਣ ਲੲਂ ਰੋਜ਼ਾਨਾਂ ਹੀ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਨਾਕੇ ਲਗਾਕੇ ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਪਿਛਲੇ ਤਿੰਨ ਮਹੀਨਿਆਂ ਵਿੱਚ 2791 ਡਰਿੰਕ ਐਂਡ ਡਰਾਈਵ ਚਲਾਨ ਕੱਟੇ ਗਏ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਸ਼ਹਿਰ ਵਿੱਚ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਦੀ ਪ੍ਰਵਿਰਤੀ ਅਜੇ ਵੀ ਗੰਭੀਰ ਸਮੱਸਿਆ ਬਣੀ ਹੋਈ ਹੈ। ਅੰਕੜਿਆਂ ਮੁਤਾਬਕ ਫਰਵਰੀ ਮਹੀਨੇ ਵਿੱਚ 649, ਮਾਰਚ ਵਿੱਚ 1094, ਜਦਕਿ ਅਪ੍ਰੈਲ ਵਿੱਚ 1048 ਡਰਿੰਕ ਐਂਡ ਡਰਾਈਵ ਦੇ ਚਲਾਨ ਕੀਤੇ ਗਏ। ਮਾਰਚ ਮਹੀਨੇ ਵਿੱਚ ਸਭ ਤੋਂ ਵੱਧ ਚਲਾਨ ਦਰਜ ਹੋਣਾ ਇਹ ਦਰਸਾਉਂਦਾ ਹੈ ਕਿ ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ਚੈਕਿੰਗ ਮੁਹਿੰਮਾਂ ਦੌਰਾਨ ਸਖ਼ਤ ਕਾਰਵਾਈ ਕੀਤੀ, ਪਰ ਨਾਲ ਹੀ ਇਹ ਵੀ ਸਾਹਮਣੇ ਆਇਆ ਕਿ ਕਈ ਵਾਹਨ ਚਾਲਕ ਕਾਨੂੰਨੀ ਕਾਰਵਾਈ ਹੋਣ ਦੇ ਬਾਵਜੂਦ ਆਪਣੀਆਂ ਆਦਤਾਂ ਨਹੀਂ ਬਦਲ ਰਹੇ। ਇਸ ਮਾਮਲੇ ਵਿੱਚ ਟ੍ਰੈਫਿਕ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਰਾਬ ਜਾਂ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ ਸਿਰਫ਼ ਡਰਾਈਵਰ ਲਈ ਹੀ ਨਹੀਂ, ਸਗੋਂ ਸੜਕ ਤੇ ਚੱਲਣ ਵਾਲੇ ਹੋਰਨਾਂ ਲਈ ਵੀ ਵੱਡਾ ਖ਼ਤਰਾ ਬਣਦੇ ਹਨ। ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਕਾਰਨ ਚਾਲਕ ਦਾ ਪ੍ਰਤੀਕਿਰਿਆ ਸਮਾਂ ਘੱਟ ਜਾਂਦਾ ਹੈ, ਜਿਸ ਨਾਲ ਅਜਿਹੇ ਹਲਾਤਾਂ ਵਿੱਚ ਹਾਦਸਿਆਂ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ। ਲੁਧਿਆਣਾ ਵਿੱਚ ਦੇਰ ਰਾਤ, ਖਾਸ ਕਰਕੇ ਹਫਤੇ ਦੇ ਅਖੀਰਲੇ ਦਿਨਾਂ ਦੌਰਾਨ, ਅਜਿਹੇ ਮਾਮਲੇ ਵੱਧ ਸਾਹਮਣੇ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ, ਮੁੱਖ ਸੜਕਾਂ ਅਤੇ ਨਾਈਟ ਚੈਕਿੰਗ ਪੁਆਇੰਟਾਂ ’ਤੇ ਬ੍ਰੈਥ ਐਨਾਲਾਈਜ਼ਰ ਮਸ਼ੀਨਾਂ ਰਾਹੀਂ ਨਸ਼ੇ ਵਿੱਚ ਡਰਾਈਵਿੰਗ ਕਰਨ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨ ਦੇ ਨਾਲ-ਨਾਲ ਕਈ ਮਾਮਲਿਆਂ ਵਿੱਚ ਲਾਇਸੈਂਸ ਮੁਅੱਤਲ ਕਰਨ ਦੀ ਕਾਰਵਾਈ ਵੀ ਕੀਤੀ ਜਾਂਦੀ ਹੈ।
---
ਚਲਾਨ ਕੱਟਣ ਦੇ ਨਾਲ ਚੱਲੇ ਜਾਗਰੂਕਤਾ ਮੁਹਿੰਮ
ਸੜਕ ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਸਿਰਫ਼ ਚਲਾਨ ਕੱਟਣਾ ਹੀ ਸਮੱਸਿਆ ਦਾ ਹੱਲ ਨਹੀਂ ਹੈ, ਸਗੋਂ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੀ ਵੀ ਲੋੜ ਹੈ। ਜੇਕਰ ਕੋਈ ਵਿਅਕਤੀ ਸ਼ਰਾਬ ਪੀ ਚੁੱਕਾ ਹੈ ਤਾਂ ਉਸ ਨੂੰ ਖੁਦ ਵਾਹਨ ਚਲਾਉਣ ਦੀ ਬਜਾਏ ਕੈਬ, ਜਨਤਕ ਆਵਾਜਾਈ ਜਾਂ ਪਰਿਵਾਰਕ ਮੈਂਬਰ ਦੀ ਮਦਦ ਲੈਣੀ ਚਾਹੀਦੀ ਹੈ। ਉੱਧਰ ਟ੍ਰੈਫਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਲਈ ਡਰਿੰਕ ਐਂਡ ਡਰਾਈਵ ਵਿਰੁੱਧ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਨਿਯਮ ਤੋੜਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ।