ਵੀਰਾਨ ਥਾਵਾਂ ’ਚ ਨਸ਼ਾ ਕਰਦੇ ਨੌਜਵਾਨਾਂ ’ਤੇ ਸਖ਼ਤ ਕਾਰਵਾਈ
ਵਿਰਾਨ ਥਾਵਾਂ ’ਚ ਨਸ਼ਾ ਕਰਦੇ ਨੌਜਵਾਨਾਂ ’ਤੇ ਪੁਲਿਸ ਦੀ ਸਖ਼ਤ ਕਾਰਵਾਈ
Publish Date: Fri, 01 May 2026 06:20 PM (IST)
Updated Date: Fri, 01 May 2026 06:23 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਸ਼ਹਿਰ ਵਿਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਵੱਖ-ਵੱਖ ਇਲਾਕਿਆਂ ਵਿਚ ਵੀਰਾਨ ਥਾਵਾਂ ’ਤੇ ਨਸ਼ਾ ਕਰਦੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਗੁਪਤ ਸੂਚਨਾ ਅਤੇ ਰੁਟੀਨ ਪੈਟਰੋਲਿੰਗ ਦੌਰਾਨ ਕੀਤੀਆਂ ਗਈਆਂ ਇਹ ਕਾਰਵਾਈਆਂ ਐਨਡੀਪੀਐਸ ਐਕਟ ਹੇਠ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਨਸ਼ਾ ਕਰਨ ਵਾਲੇ ਮੁਲਜ਼ਮਾਂ ਕੋਲੋਂ ਵਰਤੋਂ ਵਿਚ ਆਉਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਪਹਿਲੇ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਦੋਲਤ ਕਲੋਨੀ ਦੇ ਇਕ ਖਾਲੀ ਪਲਾਟ ਵਿੱਚ ਛਾਪੇਮਾਰੀ ਕਰਦਿਆਂ ਮੁਨੀਸ਼ ਕੁਮਾਰ ਉਰਫ਼ ਮੋਂਟੀ ਨੂੰ ਕਾਬੂ ਕੀਤਾ। ਮੁਲਜ਼ਮ ਨਸ਼ਾ ਕਰਦਾ ਪਾਇਆ ਗਿਆ ਅਤੇ ਉਸ ਕੋਲੋਂ ਨਸ਼ੇ ਲਈ ਵਰਤੋਂ ਵਾਲਾ ਸਮਾਨ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਿਸ ਨੇ 200 ਫੁੱਟ ਰੋਡ ਦੇ ਨੇੜੇ ਝਾੜੀਆਂ ਵਿਚ ਬੈਠ ਕੇ ਨਸ਼ਾ ਕਰ ਰਹੇ ਪਿੰਡ ਫੁੱਲਾਂਵਾਲ ਦੇ ਵਾਸੀ ਲਖਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੋਸ਼ੀ ਕੋਲੋਂ ਨਸ਼ੇ ਨਾਲ ਸੰਬੰਧਿਤ ਸਮਾਨ ਕਬਜ਼ੇ ਵਿਚ ਲਿਆ। ਤੀਜੇ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਗਿਆਸਪੁਰਾ ਇਲਾਕੇ ਵਿਚ ਸਰਕਾਰੀ ਫਲੈਟਾਂ ਦੇ ਪਿੱਛੇ ਖਾਲੀ ਪਲਾਟ ਵਿਚ ਬੈਠੇ ਮੋਹਿਤ ਕੁਮਾਰ ਨੂੰ ਨਸ਼ਾ ਕਰਦੇ ਕਾਬੂ ਕੀਤਾ। ਦੋਸ਼ੀ ਕੋਲੋਂ ਵੀ ਹੈਰੋਇਨ ਦੇ ਨਸ਼ੇ ਲਈ ਵਰਤੋਂ ਵਾਲਾ ਸਮਾਨ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਇਕ ਲਾਈਟਰ ਸਿਲਵਰ ਪੰਨੀ ਅਤੇ 10 ਰਪਏ ਦਾ ਨੋਟ ਬਰਾਮਦ ਕੀਤਾ। ਇਕ ਹੋਰ ਮਾਮਲੇ ਵਿਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਹੈਬੋਵਾਲ ਬਲੋਕੇ ਰੋਡ ਨੇੜੇ ਪਾਣੀ ਵਾਲੀ ਟੈਂਕੀ ਕੋਲ ਖਾਲੀ ਪਲਾਟ ਵਿਚ ਨਸ਼ਾ ਕਰਦੇ ਸੰਦੀਪ ਕੁਮਾਰ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਕੋਲੋਂ ਵੀ ਨਸ਼ੇ ਦੀ ਵਰਤੋਂ ਲਈ ਸਾਮਾਨ ਬਰਾਮਦ ਕੀਤਾ ਗਿਆ। ਇਨ੍ਹਾਂ ਸਾਰੀਆਂ ਕਾਰਵਾਈਆਂ ਦੌਰਾਨ ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਨਸ਼ੇ ਦੀ ਵਰਤੋਂ ਲਈ ਵਰਤੇ ਜਾਣ ਵਾਲੇ ਲਾਈਟਰ, ਸਿਲਵਰ ਫੋਇਲ ਅਤੇ ਹੋਰ ਸਾਮਗਰੀ ਬਰਾਮਦ ਕੀਤੀ ਗਈ ਹੈ, ਜੋ ਨਸ਼ੇ ਦੀ ਪੁਸ਼ਟੀ ਕਰਦੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ਹਿਰ ਵਿਚ ਨਸ਼ਿਆਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾਵੇਗੀ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਗਤੀਵਿਧੀਆਂ ’ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।