ਅਵਾਰਾ ਖੂੰਖਾਰ ਕੁੱਤਿਆਂ ਨੇ 45 ਮੇਮਣਿਆਂ ਨੂੰ ਬਣਾਇਆ ਆਪਣਾ ਸ਼ਿਕਾਰ
ਅਵਾਰਾ ਖੂੰਖਾਰ ਕੁੱਤਿਆਂ ਨੇ 45 ਮੇਮਣਿਆਂ ਨੂੰ ਬਣਾਇਆ ਆਪਣਾ ਸ਼ਿਕਾਰ
Publish Date: Thu, 28 May 2026 08:30 PM (IST)
Updated Date: Fri, 29 May 2026 04:17 AM (IST)

10 ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ। ਸੁਸ਼ੀਲ ਵਰਮਾ, ਪੰਜਾਬੀ ਜਾਗਰਣ ਰਾਏਕੋਟ : ਨੇੜਲੇ ਪਿੰਡ ਲਿੱਤਰਾਂ ’ਚ ਅਵਾਰਾ ਤੇ ਖੂੰਖਾਰ ਕੁੱਤਿਆਂ ਦੇ ਝੁੰਡ ਨੇ ਇਕ ਗਰੀਬ ਪਰਿਵਾਰ ਵੱਲੋਂ ਪਾਲੀਆਂ ਹੋਈਆਂ ਬੱਕਰੀਆਂ ਦੇ 45 ਮੇਮਣਿਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਸ ਘਟਨਾ ਤੋਂ ਬਾਅਦ ਜਿੱਥੇ ਪੀੜਤ ਪਰਿਵਾਰ ਸਦਮੇ ’ਚ ਹੈ, ਉੱਥੇ ਪਿੰਡ ਵਾਸੀਆਂ ਤੇ ਆਸ-ਪਾਸ ਦੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬੱਕਰੀਆਂ ਦੇ ਵਾੜੇ ਦੇ ਮਾਲਕ ਸ਼ਾਦੀ ਖਾਂ ਨੇ ਦੱਸਿਆ ਕਿ ਉਸ ਵੱਲੋਂ ਲਿੱਤਰਾਂ ਪਿੰਡ ਦੀ ਡਰੇਨ ਕੋਲ ਇਕ ਬਾੜਾ ਬਣਾ ਕੇ ਉਸ ਵਿਚ ਬੱਕਰੀਆਂ ਪਾਲੀਆਂ ਹੋਈਆਂ ਸਨ। ਬੀਤੇ ਕੱਲ ਜਦ ਉਹ ਆਪਣੀਆਂ ਬੱਕਰੀਆਂ ਨੂੰ ਚਰਾਉਣ ਲਈ ਬਾਹਰ ਲੈ ਕੇ ਗਿਆ ਹੋਇਆ ਸੀ ਤਾਂ ਬਾੜੇ ’ਚ ਰੱਖੇ ਬੱਕਰੀਆਂ ਦੇ ਛੋਟੇ ਮੇਮਣਿਆਂ ’ਤੇ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ 45 ਮੇਮਣਿਆਂ ਨੂੰ ਮਾਰ ਮੁਕਾਇਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਉਨ੍ਹਾਂ ਨੂੰ ਉਸ ਸਮੇਂ ਲੱਗਾ ਜਦੋਂ ਉਹ ਸ਼ਾਮ ਮੌਕੇ ਬੱਕਰੀਆਂ ਲੈ ਕੇ ਬਾੜੇ ’ਚ ਪਰਤੇ ਤਾਂ ਦੇਖਿਆ ਕਿ ਮੇਮਣੇ ਮਰੇ ਹੋਏ ਪਏ ਸਨ ਅਤੇ ਕਈ ਜ਼ਖ਼ਮੀ ਸਨ, ਜਦਕਿ ਅਵਾਰਾ ਕੁੱਤੇ ਵੀ ਉੱਥੇ ਹੀ ਘੁੰਮ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਅਵਾਰਾ ਕੁੱਤਿਆਂ ਵੱਲੋਂ 45 ਮੇਮਣਿਆਂ ਨੂੰ ਨੋਚ ਕੇ ਮਾਰ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦਾ ਕਰੀਬ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਚੌਕੀਦਾਰ ਸ਼ਾਦੀ ਖਾਂ ਨੇ ਦੱਸਿਆ ਕਿ ਉਹ ਪਿੰਡ ’ਚ ਚੌਂਕੀਦਾਰੀ ਕਰ ਕੇ ਅਤੇ ਬੱਕਰੀਆਂ ਪਾਲ ਕੇ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਢਿੱਡ ਪਾਲ ਰਿਹਾ ਸੀ। ਇਹ ਬੱਕਰੀਆਂ ਤੇ ਮੇਮਣੇ ਹੀ ਉਸ ਦੀ ਕਮਾਈ ਦਾ ਮੁੱਖ ਸਾਧਨ ਸਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਤੇ ਹੋਰ ਪੰਚਾਇਤ ਮੈਂਬਰ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਬਰਾੜ ਨੇ ਪੰਜਾਬ ਸਰਕਾਰ ਤੋਂ ਇਸ ਗਰੀਬ ਪਰਿਵਾਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਅਤੇ ਪਿੰਡ ਦੇ ਐੱਨਆਰਆਈਜ਼ ਨੂੰ ਅਪੀਲ ਕੀਤੀ ਕਿ ਉਹ ਇਸ ਗਰੀਬ ਪਰਿਵਾਰ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਲਾਕੇ ’ਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਕੁੱਤੇ ਹੁਣ ਇੰਨੇ ਖੂੰਖਾਰ ਹੋ ਚੁੱਕੇ ਹਨ ਕਿ ਪਸ਼ੂਆਂ ਦੇ ਨਾਲ-ਨਾਲ ਰਸਤੇ ਵਿੱਚ ਆਉਂਦੇ-ਜਾਂਦੇ ਰਾਹਗੀਰਾਂ ਅਤੇ ਛੋਟੇ ਬੱਚਿਆਂ ਲਈ ਵੀ ਵੱਡਾ ਖਤਰਾ ਬਣ ਗਏ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਤੇ ਖੂੰਖਾਰ ਕੁੱਤਿਆਂ ’ਤੇ ਕਾਬੂ ਪਾਉਣ ਲਈ ਸੁਪਰੀਮ ਕੋਰਟ ਦੇ ਫੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਾਂ ਫਿਰ ਪਿੰਡਾਂ ਤੇ ਕਸਬਿਆਂ ਵਿਚੋਂ ਅਵਾਰਾ ਕੁੱਤਿਆਂ ਨੂੰ ਫੜ੍ਹਨ ਜਾਂ ਉਨ੍ਹਾਂ ਦੀ ਨਸਬੰਦੀ ਕਰਨ ਲਈ ਤੁਰੰਤ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।