ਤਾਕਤ ਦੇ ਜੋਰ ਨਾਲ ਸੜਕ ’ਤੇ ਨਮਾਜ਼ ਅਦਾ ਕਰਨ ਤੋਂ ਰੋਕਣਾ ਅਫਸੋਸਨਾਕ-ਸ਼ਾਹੀ ਇਮਾਮ ਪੰਜਾਬ

- ਜਾਮਾ ਮਸਜਿਦ ਸਮੇਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ’ਚ ਅਤਾ ਕੀਤੀ ਈਦ ਉਲ ਅਜ਼ਹਾ ਦੀ ਨਮਾਜ਼
-ਕੀਤੇ ਗਏ ਪ੍ਰਬੰਧਾਂ ਲਈ ਪੁਲਿਸ ਅਤੇ ਨਗਰ ਨਿਗਮ ਦਾ ਕੀਤਾ ਗਿਆ ਧੰਨਵਾਦ
-ਕੁੱਝ ਸੂਬਾ ਸਰਕਾਰਾਂ ਈਦ ਦੇ ਸਮੇਂ ਕਰ ਰਹੀਆਂ ਹਨ ਸਿਆਸਤ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਵੀਰਵਾਰ ਨੂੰ ਈਦ ਉਲ ਅਜ਼ਹਾ ਦੇ ਮੌਕੇ ’ਤੇ ਸ਼ਹਿਰ ਭਰ ਵਿੱਚ ਰੌਣਕਾਂ ਵੇਖਣ ਨੂੰ ਮਿਲੀਆਂ। ਸਵੇਰ ਤੋਂ ਹੀ ਮਸਜਿਦਾਂ ਵਿੱਚ ਨਮਾਜ਼ ਲਈ ਮੁਸਲਮਾਨ ਭਾਈਚਾਰੇ ਦੇ ਲੋਖ ਇਕੱਤਰ ਹੋਏ ਅਤੇ ਅਮਨ ’ਤੇ ਖੁਸ਼ਹਾਲੀ ਲਈ ਦੁਆਵਾਂ ਮੰਗੀਆਂ ਗਈਆਂ। ਸ਼ਹਿਰ ਦੇ ਫੀਲਡਗੰਜ ਚੌਂਕ ਵਿੱਚ ਸਥਿੱਤ ਜਾਮਾ ਮਸਜਿਦ ਵਿੱਚ ਲੱਖਾਂ ਮੁਸਲਮਾਨਾਂ ਨੇ ਈਦ ਉਲ ਅਜ਼ਹਾ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ ਜਾਮਾ ਮਸਜਿਦ 'ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ ਦੇ ਨੁਮਾਇੰਦੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਪੁੱਜੇ।
ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਈਦ ਉਲ ਅਜ਼ਹਾ ਸਾਨੂੰ ਕੁਰਬਾਨੀ ਦੇਣ ਦਾ ਜਜ਼ਬਾ ਦਿੰਦੀ ਹੈ। ਉਨਾਂ ਕਿਹਾ ਕਿ ਈਦ ਇਹ ਵੀ ਸਿੱਖਿਆ ਦਿੰਦੀ ਹੈ ਕਿ ਜਦ ਕਦੇ ਦੇਸ਼ ਨੂੰ ਸਾਡੀਆਂ ਜਾਨਾਂ ਦੀ ਜਾਂ ਦੌਲਤ ਦੀ ਜਰੂਰਤ ਹੋਵੇ ਤਾਂ ਉਸਨੂੰ ਪੇਸ਼ ਕਰ ਦਿੱਤਾ ਜਾਵੇ। ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਚੋਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਕਿ ਕੁੱਝ ਸੂਬਾ ਸਰਕਾਰਾਂ ਈਦ ਦੇ ਸਮੇਂ ਸਿਆਸਤ ਕਰ ਰਹੀਆਂ ਹਨ ਅਤੇ ਨਮਾਜ਼ ਨੂੰ ਸੜਕ ਤੇ ਅਦਾ ਕਰਨ ਤੋ ਰੋਕਿਆ ਜਾ ਰਿਹਾ ਹੈ ਜਦਕਿ ਬਾਕੀ ਸਾਰੇ ਧਰਮਾਂ ਦੇ ਵਿਸ਼ੇਸ਼ ਦਿਨਾਂ ਵਿੱਚ ਸੜਕਾਂ ਤੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇੱਕ ਵਰਗ ਦੇ ਨਾਲ ਅਜਿਹਾ ਕਰਨਾ ਬਹੁਤ ਅਫਸੋਸਨਾਕ ਹੈ। ਇਹ ਭਾਰਤ ਦੀ ਅਜ਼ਾਦ ਪ੍ਰਣਾਲੀ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕਿਸੇ ਨੂੰ ਸੜਕ ਤੇ ਪ੍ਰੋਗਰਾਮ ਕਰਨ ਦੀ ਇਜ਼ਾਜ਼ਤ ਦਿਤੀ ਜਾਵੇ ਅਤੇ ਕਿਸੇ ਨੂੰ ਤਾਕਤ ਦੇ ਜੋਰ ਤੇ ਰੋਕ ਕੇ ਆਪਣੀ ਪਿੱਠ ਥਪਥਪਾਈ ਜਾਵੇ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਕੱਲ ਦੇਸ਼ 'ਚ ਫਿਰਕੂ ਤਾਕਤਾਂ ਧਰਮ ਦੇ ਨਾਮ 'ਤੇ ਲੋਕਾਂ 'ਚ ਪਾੜ ਪਾਉਣ 'ਚ ਲੱਗੀਆਂ ਹੋਈਆਂ ਹਨ, ਇਸ ਲਈ ਸਮੂਹ ਭਾਰਤੀਆਂ ਅਤੇ ਆਪਣੇ ਮੁਸਲਮਾਨ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਆਪਾਂ ਸਾਰਿਆਂ ਨੂੰ ਇਨ੍ਹਾਂ ਫਿਰਕਾਪ੍ਰਸਤਾਂ ਨੂੰ ਨਾਕਾਮ ਕਰਨ ਲਈ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਆਪਾਂ ਪਿੱਛੇ ਨਹੀਂ ਹਟਾਗੇਂ। ਉਨਾਂ ਕਿਹਾ ਕਿ ਪੰਜਾਬ ਦੀ ਰਿਵਾਇਤਾਂ 'ਚ ਨਫਰਤ ਦੇ ਲਈ ਕੋਈ ਥਾਂ ਨਹੀਂ ਹੈ, ਜਿਹੜੇ ਵੀ ਲੋਕ ਪੰਜਾਬ 'ਚ ਧਰਮ ਦੇ ਨਾਮ 'ਤੇ ਨਫਰਤ ਫੈਲਾ ਕੇ ਅਪਣੀ ਸਿਆਸਤ ਚਮਕਾਉਣਾ ਚਾਹੁੰਦੇ ਹਨ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸ਼ਾਹੀ ਇਮਾਮ ਪੰਜਾਬ ਨੇ ਲੁਧਿਆਣਾ ਪੁਲਿਸ ਅਤੇ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਦਾ ਪ੍ਰਗਟਾਵਾ ਵੀ ਕੀਤਾ।
---
ਜਾਮਾ ਮਸਜਿਦ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਤੇ ਮੁਹੱਬਤ ਦੀ ਨਿਸ਼ਾਨੀ : ਵਿਧਾਇਕ ਪੱਪੀ
ਇਸ ਮੌਕੇ 'ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਚੌਧਰੀ ਮਦਨ ਲਾਲ ਬੱਗਾ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਉਨਾਂ ਕਿਹਾ ਕਿ ਭਾਰਤ ਦੁਨੀਆਂ ਦਾ ਇੱਕੋਂ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ 'ਚ ਮਿਲ-ਜੁਲ ਕੇ ਮਨਾਉਂਦੇ ਹਨ। ਉਨਾਂ ਕਿਹਾ ਕਿ ਜਾਮਾ ਮਸਜਿਦ ਤੋਂ ਹਮੇਸ਼ਾ ਹੀ ਪੰਜਾਬ 'ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਗਿਆ ਹੈ। ਉਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਾਰੀਆਂ ਲਈ ਬੜੀ ਹੀ ਖੁਸ਼ੀ ਦਾ ਦਿਨ ਹੈ ਅਤੇ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ, ਇਸ ਦੇ ਸਾਰੇ ਫੁੱਲ ਅਪਣੀ ਖੁਸ਼ਬੂ ਦੇ ਨਾਲ ਮਾਹੋਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਉਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤਿਹਾਸਿਕ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉੱਥੇ ਹੀ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ। ਉਨਾਂ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਦੇ ਲਈ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਝ ਹੀ ਚੱਲਦੀ ਰਹੇ।
---
ਪੰਜਾਬ ਦੀ ਮਿੱਟੀ ਵਿੱਚ ਪਿਆਰ ਹੀ ਪਿਆਰ : ਤਲਵਾੜ
ਇਸ ਮੌਕੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ ਇਸ ਦੇਸ਼ 'ਚ ਈਦ ਉਲ ਅਜ਼ਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਵਿੱਚ ਪਿਆਰ ਹੀ ਪਿਆਰ ਹੈ। ਇੱਥੇ ਨਫਰਤ ਲਈ ਕੋਈ ਜਗ੍ਹਾ ਨਹੀਂ। ਇਸ ਮੌਕੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਵਿਧਾਇਕ ਪੁੱਤਰ ਵਿਕਾਸ ਪਰਾਸ਼ਰ, ਗੁਲਾਮ ਹਸਨ ਕੈਸਰ, ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਿੰਗਾਰਾ ਸਿੰਘ ਦਾਦ ਅਤੇ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਈਦ ਉਲ ਅਜ਼ਹਾ ਦਾ ਤਿਉਹਾਰ ਸਾਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ।