ਸਕਾਲਰਸ਼ਿਪ ਯੋਜਨਾਵਾਂ ਦਾ ਪ੍ਰਚਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ
ਸਕਾਲਰਸ਼ਿਪ ਯੋਜਨਾਵਾਂ ਦਾ ਪ੍ਰਚਾਰ ਕਰਨ ਲਈ ਐਸਆਰਐਸ ਸਰਕਾਰੀ ਬਹੁਤਕਨੀਕੀ ਕਾਲਜ ਨੇ ਵਿਸ਼ੇਸ਼ ਮੁਹਿੰਮ ਚਲਾਈ
Publish Date: Thu, 07 May 2026 07:05 PM (IST)
Updated Date: Fri, 08 May 2026 04:15 AM (IST)

-ਕਾਲਜ ਸਟਾਫ਼ ਵੱਲੋਂ ਯੋਗ ਵਿਦਿਆਰਥੀਆਂ ਨੂੰ ਲਾਭ ਲੈਣ ਲਈ ਕੀਤਾ ਗਿਆ ਜਾਗਰੂਕ --- ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਏਆਈਸੀਟੀਈ ਅਤੇ ਸਮਾਜਿਕ ਨਿਆਂ ਵਿਭਾਗ ਦੀਆਂ ਸਕਾਲਰਸ਼ਿਪ ਯੋਜਨਾਵਾਂ ਦਾ ਪ੍ਰਚਾਰ ਕਰਨ ਲਈ ਸਤਿਗੁਰੂ ਰਾਮ ਸਿੰਘ (ਐਸਆਰਐਸ) ਸਰਕਾਰੀ ਬਹੁਤਕਨੀਕੀ ਕਾਲਜ ਰਿਸ਼ੀ ਨਗਰ ਲੁਧਿਆਣਾ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਸਤਿਗੁਰੂ ਰਾਮ ਸਿੰਘ (ਐਸਆਰਐਸ) ਸਰਕਾਰੀ ਬਹੁਤਕਨੀਕੀ ਕਾਲਜ ਦੇ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਦੀ ਅਗਵਾਈ ਹੇਠ ਕਾਲਜ ਸਟਾਫ਼ ਵੱਲੋਂ ਯੋਗ ਵਿਦਿਆਰਥੀਆਂ ਨੂੰ ਲਾਭ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਾਲਜ ਦੀ ਟੀਮ ਜਿਸ ਵਿੱਚ ਸਕਾਲਰਸ਼ਿਪ ਇੰਚਾਰਜ ਨਵਜੀਤ ਕੌਰ, ਜਸਵੀਰ ਸਿੰਘ ਵਰਕਸ਼ਾਪ ਸੁਪਰਡੈਂਟ ਅਤੇ ਰਜਨੀ ਭੱਲਾ ਵੱਲੋਂ ਵੱਖ-ਵੱਖ ਆਸ਼ਰਮਾਂ, ਪਿੰਗਲਵਾੜਾ, ਅਨਾਥ ਆਸ਼ਰਮਾਂ ਅਤੇ ਐਨਜੀ ਓਜ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਭਲਾਈ ਕੇਂਦਰਾਂ ਦਾ ਦੌਰਾ ਕੀਤਾ ਗਿਆ। ਵਿਦਿਆਰਥਣਾਂ ਤੇ ਸੰਸਥਾ ਦੇ ਪ੍ਰਬੰਧਕਾਂ ਨੂੰ ਪੋਸਟ ਮੈਟ੍ਰਿਕ ਐਸਸੀ ਸਕੀਮ, ਪ੍ਰਗਤੀ ਸਕੀਮ, ਸਕਸ਼ਮ ਸਕੀਮ ਅਤੇ ਸਵਾਨਾਥ ਸਕੀਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪ੍ਰਿੰਸੀਪਲ ਜਾਂਬਲਾ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਤਹਿਤ ਯੋਗ ਵਿਦਿਆਰਥੀਆਂ ਨੂੰ ਪੂਰੀ ਫੀਸ ਮੁਆਫ਼ੀ ਜਾਂ 50,000 ਸਾਲਾਨਾ ਤੱਕ ਦੀ ਵਿੱਤੀ ਸਹਾਇਤਾ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਅਨਾਥ, ਦਿਵਿਆਂਗ, ਲੜਕੀਆਂ ਅਤੇ ਵੰਚਿਤ ਵਰਗ ਦੇ ਬੱਚਿਆਂ ਨੂੰ ਤਕਨੀਕੀ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦਾ ਦਾਖ਼ਲਾ ਵਧਾਉਣਾ ਹੈ। ਵਧੇਰੇ ਜਾਣਕਾਰੀ ਲਈ ਵਿਦਿਆਰਥੀ www.scholarships.gov.in ਤੇ ਜਾ ਸਕਦੇ ਹਨ ਜਾਂ ਕਾਲਜ ਦੇ ਸਕਾਲਰਸ਼ਿਪ ਇੰਚਾਰਜ ਨਵਜੀਤ ਕੌਰ ਨਾਲ ਮੋਬਾਇਲ ਨੰਬਰ 94646-86332 ਤੇ ਸੰਪਰਕ ਕਰ ਸਕਦੇ ਹਨ।