12ਵੀਂ ਦੇ ਨਤੀਜੇ ’ਚ ਸਪਰਿੰਗ ਡੇਲੀਅਨਜ਼ ਦਾ ਸ਼ਾਨਦਾਰ ਪ੍ਰਦਰਸ਼ਨ
ਸੀਬੀਐਸਈ 12ਵੀਂ ਦੇ ਨਤੀਜਿਆਂ ਵਿੱਚ ਸਪਰਿੰਗ ਡੇਲੀਅਨਜ਼ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Wed, 13 May 2026 10:05 PM (IST)
Updated Date: Thu, 14 May 2026 04:16 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਸ਼ੇਰਪੁਰ ਸਥਿਤ ਸਪਰਿੰਗ ਡੇਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀਬੀਐਸਈ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦਾ ਨਤੀਜਾ ਆਉਦੇ ਹੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਪਰਿੰਗ ਡੇਲੀਅਨਜ਼ ਨੇ ਉੱਚ ਅੰਕ ਹਾਸਲ ਕਰਕੇ ਆਪਣੀ ਮੇਹਨਤ ਅਤੇ ਲਗਨ ਦਾ ਸਬੂਤ ਦਿੱਤਾ। ਸਕੂਲ ਦੇ ਵਿਦਿਆਰਥੀ ਅਭਿਸ਼ੇਕ ਸ਼ਰਮਾ ਨੇ ਆਰਟਸ ਸਟ੍ਰੀਮ ਵਿੱਚ 98.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਕਾਮਰਸ ਸਟ੍ਰੀਮ ਦੀ ਵਿਦਿਆਰਥਣ ਨਿਕੀਤਾ ਨੇਗੀ ਨੇ 96.6 ਫੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਮੈਡੀਕਲ ਸਟ੍ਰੀਮ ਦੇ ਹਰਮੀਤ ਸਿੰਘ ਨਰੂਲਾ ਨੇ 94.8 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਸੁਮੰਤ ਗੋਇਲ ਨੇ 94 ਫੀਸਦੀ, ਮਹਿਕ ਸਿੰਘ ਨੇ 93.8 ਫੀਸਦੀ, ਮਨਰੂਪ ਕੌਰ ਗਰੇਵਾਲ ਅਤੇ ਮੋਹਿਤ ਜਿੰਦਲ ਨੇ 93.6-93.6 ਫੀਸਦੀ, ਆਸ਼ੀ ਵਰਮਾ ਨੇ 93.4 ਫੀਸਦੀ ਅਤੇ ਅਦਿਤਿਆ ਨੇ 90.2 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਸਕੂਲ ਦੇ ਚੇਅਰਪਰਸਨ ਮੈਡਮ ਅਵਿਨਾਸ਼ ਕੌਰ ਵਾਲੀਆ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਡਾਇਰੈਕਟਰਜ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਮੁਬਾਰਕਬਾਦ ਦਿੱਤੀ।