ਸੜਕ ਹਾਦਸਿਆਂ ’ਚ ਇਕ ਔਰਤ ਜ਼ਖ਼ਮੀ, ਦੂਜੀ ਦੀ ਹੋਈ ਮੌਤ
ਲੁਧਿਆਣਾ ਵਿੱਚ ਤੇਜ਼ ਰਫਤਾਰੀ ਦਾ ਕਹਿਰ
Publish Date: Tue, 28 Apr 2026 05:54 PM (IST)
Updated Date: Tue, 28 Apr 2026 05:58 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਵਿਚ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਹੀ ਤਾਜ਼ਾ ਦੋ ਹਾਦਸੇ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਵਾਪਰੇ। ਇੱਕ ਹਾਦਸੇ ਵਿੱਚ ਔਰਤ ਗੰਭੀਰ ਜ਼ਖ਼ਮੀ ਹੋ ਗਈ, ਜਦਕਿ ਦੂਜੇ ਹਾਦਸੇ ਵਿਚ ਇਕ ਬਜ਼ੁਰਗ ਮਹਿਲਾ ਦੀ ਜਾਨ ਚਲੀ ਗਈ। ਐੱਸਪੀਐੱਸ ਨਗਰ ਦੇ ਵਾਸੀ ਮੋਹਿਤ ਮੰਗਲਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਬੀਤੇ ਦਿਨੀਂ ਰਾਤ ਕਰੀਬ 9 ਵਜੇ ਉਹ ਆਪਣੀ ਪਤਨੀ ਮੁਸਕਾਨ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ 200 ਫੁੱਟੀ ਰੋਡ ‘ਤੇ ਸੋਢੀ ਕੰਪਲੈਕਸ ਕੱਟ ਕੋਲ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇਕ ਅਣਪਛਾਤੀ ਚਿੱਟੇ ਰੰਗ ਦੀ ਕਾਰ ਨੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਟੱਕਰ ਨਾਲ ਦੋਵੇਂ ਸੜਕ ‘ਤੇ ਡਿੱਗ ਪਏ। ਇਸ ਦੌਰਾਨ ਪਿੱਛੇ ਆ ਰਹੇ ਟਰੱਕ ਨੇ ਮੁਸਕਾਨ ਨੂੰ ਕੁਚਲ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸਨੂੰ ਇਲਾਜ ਲਈ ਡੀਐੱਮਸੀ ਹਸਪਤਾਲ, ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ। ਐਕਟਿਵਾ ਸਵਾਰ ਦੀ ਟੱਕਰ ਨਾਲ ਬਜ਼ੁਰਗ ਮਹਿਲਾ ਦੀ ਮੌਤ ਇਕ ਹੋਰ ਮਾਮਲੇ ਵਿਚ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਦੇ ਵਾਸੀ ਪ੍ਰਦੀਪ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਮਾਤਾ ਵਿਦਿਆ ਦੇਵੀ ਨਾਲ ਈ-ਬਲਾਕ ਮਾਰਕੀਟ ਵਿਚ ਰਿਲਾਇੰਸ ਸਟੋਰ ਤੋਂ ਦੁੱਧ ਲੈਣ ਲਈ ਪੈਦਲ ਜਾ ਰਹੇ ਸਨ। ਜਦੋਂ ਉਹ ਮਾਰਕੀਟ ਦੇ ਕੱਟ ਕੋਲ ਪਹੁੰਚੇ ਤਾਂ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਆਪਣੀ ਐਕਟਿਵਾ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਵਿਦਿਆ ਦੇਵੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਈ। ਗੰਭੀਰ ਰੂਪ ਵਿਚ ਫੱਟੜ ਹੋਈ ਬਜ਼ੁਰਗ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬਜ਼ੁਰਗ ਔਰਤ ਨੇ ਦੀਪ ਹਸਪਤਾਲ, ਮਾਡਲ ਟਾਊਨ ਵਿੱਚ ਦਮ ਤੋੜ ਦਿੱਤਾ। ਦੋਹਾਂ ਘਟਨਾਵਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੁਧਿਆਣਾ ਵਿੱਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਜਾਨਲੇਵਾ ਸਾਬਤ ਹੋ ਰਹੀ ਹੈ। ਥਾਣਾ ਦੁੱਗਰੀ ਦੀ ਪੁਲਿਸ ਵੱਲੋਂ ਦੋਹਾਂ ਮਾਮਲਿਆਂ ਵਿੱਚ ਵੱਖ-ਵੱਖ ਮੁਕਦਮੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।