ਫੂਡ ਸੇਫਟੀ ਟੀਮ ਵੱਲੋਂ ਦੁੱਧ ਦੀ ਵਿਸ਼ੇਸ਼ ਚੈਕਿੰਗ, 12 ਸੈਂਪਲ ਭਰੇ
ਫੂਡ ਸੇਫਟੀ ਟੀਮ ਵੱਲੋਂ ਦੁੱਧ ਦੀ ਵਿਸ਼ੇਸ਼ ਚੈਕਿੰਗ ਮੁਹਿੰਮ, 12 ਸੈਂਪਲ ਭਰੇ
Publish Date: Wed, 06 May 2026 06:28 PM (IST)
Updated Date: Thu, 07 May 2026 04:09 AM (IST)
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ
ਸਿਹਤ ਮੰਤਰੀ ਪੰਜਾਬ ਅਤੇ ਫੂਡ ਕਮਿਸ਼ਨਰ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਟੀਮ, ਲੁਧਿਆਣਾ ਵੱਲੋਂ ਜਿਲਾ ਸਿਹਤ ਅਫਸਰ ਡਾਕਟਰ ਅਸੀਂਸ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸਵੇਰੇ ਅਤੇ ਸ਼ਾਮ ਦੇ ਸਮੇਂ ਦੁੱਧ ਦੀ ਸਪਲਾਈ ਦੀ ਜਾਂਚ ਲਈ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮਕਸਦ ਦੁੱਧ ਵਿੱਚ ਸੰਭਾਵਿਤ ਮਿਲਾਵਟ ਨੂੰ ਰੋਕਣਾ ਅਤੇ ਆਮ ਲੋਕਾਂ ਤੱਕ ਸੁਰੱਖਿਅਤ ਅਤੇ ਮਿਆਰੀ ਦੁੱਧ ਦੀ ਸਪਲਾਈ ਯਕੀਨੀ ਬਣਾਉਣਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਰਾਜ-ਪੱਧਰੀ ਮੁਹਿੰਮ ਦੇ ਤਹਿਤ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਪ੍ਰਵੇਸ਼ ਬਿੰਦੂਆਂ ‘ਤੇ ਨਾਕੇ ਲਗਾ ਕੇ ਦੁੱਧ ਦੀ ਆਉਣ-ਜਾਣ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਵੇਰੇ ਦੀ ਚੈਕਿੰਗ ਦੌਰਾਨ 4 ਖੁੱਲ੍ਹੇ ਦੁੱਧ ਦੇ ਸੈਂਪਲ ਇਕੱਠੇ ਕੀਤੇ ਗਏ, ਜਦਕਿ ਸ਼ਾਮ ਨੂੰ ਹੰਬੜਾਂ ਰੋਡ ਅਤੇ ਹੈਬੋਵਾਲ ਵਿਖੇ ਨਾਕਾ ਲਗਾ ਕੇ ਹੋਰ 8 ਸੈਂਪਲ ਲਏ ਗਏ। ਇਸ ਤਰ੍ਹਾਂ ਦਿਨ ਦੌਰਾਨ ਕੁੱਲ 12 ਸੈਂਪਲ ਇਕੱਠੇ ਕੀਤੇ ਗਏ। ਡਾ. ਚਾਵਲਾ ਨੇ ਜ਼ੋਰ ਦੇ ਕੇ ਕਿਹਾ ਕਿ ਸਵੇਰੇ ਅਤੇ ਸ਼ਾਮ ਦੀ ਚੈਕਿੰਗ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਦੁੱਧ ਦੀ ਸਪਲਾਈ ਦਿਨ ਭਰ ਜਾਰੀ ਰਹਿੰਦੀ ਹੈ ਅਤੇ ਇਸ ਨਾਲ ਵੱਖ-ਵੱਖ ਪੜਾਅ ‘ਤੇ ਮਿਲਾਵਟ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੈਂਪਲ ਨਿਯਮਾਂ ਅਨੁਸਾਰ ਇਕੱਠੇ ਕਰਕੇ ਠੀਕ ਤਰੀਕੇ ਨਾਲ ਸੀਲ ਕੀਤੇ ਗਏ ਹਨ ਅਤੇ ਨਿਰਧਾਰਿਤ ਸਮੇਂ ਅੰਦਰ ਪ੍ਰਮਾਣਿਤ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਲੈਬ ਰਿਪੋਰਟਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਲਈ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਜਿਸ ਵਿੱਚ ਸਫ਼ਾਈ, ਦੁੱਧ ਦੀ ਠੀਕ ਸੰਭਾਲ ਅਤੇ ਸੁਰੱਖਿਅਤ ਆਵਾਜਾਈ ਸ਼ਾਮਲ ਹੈ। ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਜਨ ਸਿਹਤ ਦੀ ਸੁਰੱਖਿਆ ਲਈ ਅਜਿਹੀਆਂ ਮੁਹਿੰਮਾਂ ਅਗੇ ਵੀ ਜਾਰੀ ਰਹਿਣਗੀਆਂ।