ਦੱਖਣੀ ਬਾਈਪਾਸ ’ਤੇ ਓਵਰਲੋਡ ਵਾਹਨਾਂ ਦਾ ਕਹਿਰ, ਲੋਕਾਂ ’ਚ ਰੋਸ
ਦੱਖਣੀ ਬਾਈਪਾਸ ‘ਤੇ ਓਵਰਲੋਡ ਵਾਹਨਾਂ ਦਾ ਕਹਿਰ, ਪ੍ਰਸ਼ਾਸਨ ਖ਼ਿਲਾਫ਼ ਲੋਕਾਂ ‘ਚ ਰੋਸ਼
Publish Date: Thu, 07 May 2026 06:37 PM (IST)
Updated Date: Fri, 08 May 2026 04:15 AM (IST)
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਰਾਤ ਦੇ ਸਮੇਂ ਦੱਖਣੀ ਬਾਈਪਾਸ ਜਵੱਦੀ ਤੋਂ ਗਿੱਲ ਰੋਡ ਰਾਹੀਂ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਓਵਰਲੋਡ ਹੈਵੀ ਵਾਹਨ ਹੁਣ ਸੜਕ ਹਾਦਸਿਆਂ ਅਤੇ ਟਰੈਫਿਕ ਜਾਮ ਦਾ ਵੱਡਾ ਕਾਰਨ ਬਣਦੇ ਦਿਖਾਈ ਦੇ ਰਹੇ ਹਨ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਪ੍ਰਸ਼ਾਸਨ ਅਤੇ ਟਰੈਫਿਕ ਪੁਲਿਸ ਪ੍ਰਤੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਬੇਰੋਕ-ਟੋਕ ਚੱਲ ਰਹੇ ਓਵਰਲੋਡ ਵਾਹਨਾਂ ‘ਤੇ ਕਾਰਵਾਈ ਨਾ ਹੋਣ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪਰਾਲੀ ਨਾਲ ਲੱਦੀ ਇੱਕ ਓਵਰਲੋਡ ਟਰੈਕਟਰ-ਟਰਾਲੀ ਉਕਤ ਰੂਟ ‘ਤੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਸੀ। ਹਾਦਸੇ ਤੋਂ ਬਾਅਦ ਟਰਾਲੀ ਚਾਲਕ ਵੱਲੋਂ ਸੜਕ ‘ਤੇ ਹੀ ਪਰਾਲੀ ਦੀਆਂ ਗੱਠਾਂ ਸੁੱਟ ਕੇ ਮੌਕੇ ਤੋਂ ਫਰਾਰ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਸੜਕ ‘ਤੇ ਪਈਆਂ ਪਰਾਲੀ ਦੀਆਂ ਗੱਠਾਂ ਅਜੇ ਵੀ ਨਹੀਂ ਚੁੱਕੀਆਂ ਗਈਆਂ, ਜਿਸ ਕਾਰਨ ਉਥੇ ਹਰ ਵੇਲੇ ਟਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।
ਸਥਾਨਕ ਲੋਕਾਂ ਮੁਤਾਬਕ ਰਾਤ ਸਮੇਂ ਵੱਡੀ ਗਿਣਤੀ ਵਿੱਚ ਓਵਰਲੋਡ ਟਰਾਲੀਆਂ ਅਤੇ ਹੈਵੀ ਵਾਹਨ ਸ਼ਹਿਰ ਅੰਦਰ ਦਾਖਲ ਹੁੰਦੇ ਹਨ, ਜਿਨ੍ਹਾਂ ਕਾਰਨ ਸੜਕਾਂ ‘ਤੇ ਖਤਰਨਾਕ ਹਾਲਾਤ ਬਣ ਰਹੇ ਹਨ। ਸੜਕ ‘ਤੇ ਪਈਆਂ ਪਰਾਲੀ ਦੀਆਂ ਗੱਠਾਂ ਕਾਰਨ ਕਈ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਦੱਖਣੀ ਬਾਈਪਾਸ ਅਤੇ ਗਿੱਲ ਰੋਡ ਇਲਾਕੇ ਵਿੱਚ ਰਾਤ ਸਮੇਂ ਓਵਰਲੋਡ ਵਾਹਨਾਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇ ਅਤੇ ਸੜਕ ‘ਤੇ ਪਈਆਂ ਪਰਾਲੀ ਦੀਆਂ ਗੱਠਾਂ ਨੂੰ ਤੁਰੰਤ ਹਟਾ ਕੇ ਜ਼ਿੰਮੇਵਾਰ ਚਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਲੋਕਾਂ ਨੇ ਟਰੈਫਿਕ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।