ਬਦਮਾਸ਼ਾਂ ਨੇ ਔਰਤ ਦਾ ਪਰਸ ਝਪਟਿਆ
ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਚਿੱਟੇ ਦਿਨ ਲੁੱਟ ਦੀ ਵਾਰਦਾਤ
Publish Date: Wed, 13 May 2026 08:20 PM (IST)
Updated Date: Thu, 14 May 2026 04:15 AM (IST)

-ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਚਿੱਟੇ ਦਿਨ ਲੁੱਟ ਦੀ ਵਾਰਦਾਤ -ਜ਼ਮੀਨ ’ਤੇ ਡਿੱਗਣ ਕਾਰਨ ਮਹਿਲਾ ਹੋਈ ਫੱਟੜ --- ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਬੇਖੌਫ ਲੁਟੇਰਿਆਂ ਨੇ ਸ਼ਹਿਰ ਦੇ ਸਭ ਤੋਂ ਭੀੜਭਾੜ ਵਾਲੇ ਇਲਾਕੇ ਘੁਮਾਰ ਮੰਡੀ ਵਿੱਚ ਚਿੱਟੇ ਦਿਨ ਇੱਕ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦਾ ਪਰਸ ਲੁੱਟ ਲਿਆ। ਮਹਿਲਾ ਦੇ ਮੁਤਾਬਕ ਪਰਸ ਵਿੱਚ ਕੁੱਝ ਨਕਦੀ ਅਤੇ ਸੋਨੇ ਦੇ ਗਹਿਣੇ ਸਨ। ਜਾਣਕਾਰੀ ਦਿੰਦਿਆਂ ਬਸੰਤ ਵਾਟਿਕਾ ਐਕਟੈਂਸ਼ਨ ਫਲਾਵਰ ਇਨਕਲੇਵ ਦੀ ਰਹਿਣ ਵਾਲੀ ਰੇਨੂ ਬਾਲਾ ਨੇ ਦੱਸਿਆ ਕਿ ਬੀਤੇ ਦਿਨ ਉਸ ਨੇ ਕਿਸੇ ਕੰਮ ਲਈ ਘੁਮਾਰ ਮੰਡੀ ਦੇ ਨੈਸ਼ਨਲ ਰੋਡ ਤੇ ਪੈਂਦੇ ਮੁਥੂਟ ਫਾਈਨੈਂਸ ਦੇ ਦਫਤਰ ਜਾਣਾ ਸੀ। ਜਿਵੇਂ ਹੀ ਮਹਿਲਾ ਨੈਸ਼ਨਲ ਰੋਡ ਤੇ ਪਹੁੰਚੀ ਤਾਂ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸ ਦੇ ਹੱਥ ਵਿੱਚ ਫੜਿਆ ਪਰਸ ਝਪਟ ਲਿਆ। ਵਾਰਦਾਤ ਦੇ ਦੌਰਾਨ ਔਰਤ ਜਮੀਨ ਤੇ ਡਿੱਗ ਕੇ ਫੱਟੜ ਹੋ ਗਈ। ਰੇਨੂ ਬਾਲਾ ਨੇ ਦੱਸਿਆ ਕਿ ਉਸ ਨੇ ਰਾਹਗੀਰਾਂ ਨੂੰ ਮਦਦ ਲਈ ਬੁਲਾਇਆ, ਪਰ ਕੋਈ ਵੀ ਅੱਗੇ ਨਹੀਂ ਆਇਆ। ਕੁਝ ਹੀ ਸਮੇਂ ਵਿੱਚ ਮੋਟਰਸਾਈਕਲ ਸਵਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਰੇਨੂ ਬਾਲਾ ਦੇ ਮੁਤਾਬਕ ਉਸ ਦੇ ਪਰਸ ਵਿੱਚ ਸੋਨੇ ਦੀ ਚੇਨ, ਦੋ ਕਾਂਟੇ, ਟੋਪਸ, ਇੱਕ ਲੇਡੀ ਰਿੰਗ ਤਿੰਨ ਤੋਲੇ ਦੇ ਚਾਂਦੀ ਦੇ ਕੜੇ ਅਤੇ ਕੁਝ ਨਕਦੀ ਸੀ। ਉਧਰ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 9 ਦੀ ਪੁਲਿਸ ਨੇ ਰੇਨੂ ਬਾਲਾ ਦੀ ਸ਼ਿਕਾਇਤ ਲੈ ਕੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੜਤਾਲ ਦੇ ਦੌਰਾਨ ਬਦਮਾਸ਼ਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਟਰੇਸ ਹੋ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।