ਗਾਇਕਾ ਇੰਦਰ ਕੌਰ ਕਤਲ ਕਾਂਡ: 2 ਬੱਚਿਆਂ ਦਾ ਪਿਓ ਨਿਕਲਿਆ 'ਪ੍ਰੇਮੀ', ਮੁਲਜ਼ਮ ਪਿਤਾ ਤੇ ਸਾਥੀ ਵੀ ਚੜ੍ਹੇ ਪੁਲਿਸ ਦੇ ਅੜਿੱਕੇ
ਅਗਵਾ ਕੀਤੀ ਗਈ ਚਰਚਿਤ 29 ਸਾਲਾ ਪੰਜਾਬੀ ਗਾਇਕਾ ਯਸ਼ਵਿੰਦਰ ਕੌਰ ਉਰਫ਼ ਇੰਦਰ ਕੌਰ ਦੀ ਲਾਸ਼ ਛੇ ਦਿਨਾਂ ਬਾਅਦ ਮੰਗਲਵਾਰ ਨੂੰ ਖੰਨਾ ਦੇ ਪਿੰਡ ਕੁਬਾ ਦੇ ਨਜ਼ਦੀਕ ਨੀਲੋਂ ਨਹਿਰ ਤੋਂ ਬਰਾਮਦ ਹੋਈ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਆਹ ਤੋਂ ਇਨਕਾਰ ਕਰਨ ’ਤੇ ਔਰਤ ਦੀ ਹੱਤਿਆ ਉਸੇ ਦੀ ਕਾਰ ’ਚ ਕੈਨੇਡਾ ਤੋਂ ਆਏ ਉਸ ਦੇ ਪ੍ਰੇਮੀ ਨੇ ਗੋਲ਼ੀ ਮਾਰ ਕੇ ਕੀਤੀ ਤੇ ਬਾਅਦ ’ਚ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ ਗਿਆ। ਪੁਲਿਸ ਨੇ ਮੋਗਾ ਵਾਸੀ ਉਸ ਦੇ ਪ੍ਰੇਮੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੇ ਪਿਤਾ ਪ੍ਰੀਤਮ ਸਿੰਘ ਤੇ ਉਸ ਦੇ ਸਾਥੀ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਖਵਿੰਦਰ ਕੈਨੇਡਾ ਫ਼ਰਾਰ ਹੋ ਗਿਆ। ਤਿੰਨਾਂ ਦੇ ਖਿਲਾ
Publish Date: Wed, 20 May 2026 11:17 AM (IST)
Updated Date: Wed, 20 May 2026 11:22 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਅਗਵਾ ਕੀਤੀ ਗਈ ਚਰਚਿਤ 29 ਸਾਲਾ ਪੰਜਾਬੀ ਗਾਇਕਾ ਯਸ਼ਵਿੰਦਰ ਕੌਰ ਉਰਫ਼ ਇੰਦਰ ਕੌਰ ਦੀ ਲਾਸ਼ ਛੇ ਦਿਨਾਂ ਬਾਅਦ ਮੰਗਲਵਾਰ ਨੂੰ ਖੰਨਾ ਦੇ ਪਿੰਡ ਕੁਬਾ ਦੇ ਨਜ਼ਦੀਕ ਨੀਲੋਂ ਨਹਿਰ ਤੋਂ ਬਰਾਮਦ ਹੋਈ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਆਹ ਤੋਂ ਇਨਕਾਰ ਕਰਨ ’ਤੇ ਔਰਤ ਦੀ ਹੱਤਿਆ ਉਸੇ ਦੀ ਕਾਰ ’ਚ ਕੈਨੇਡਾ ਤੋਂ ਆਏ ਉਸ ਦੇ ਪ੍ਰੇਮੀ ਨੇ ਗੋਲ਼ੀ ਮਾਰ ਕੇ ਕੀਤੀ ਤੇ ਬਾਅਦ ’ਚ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ ਗਿਆ। ਪੁਲਿਸ ਨੇ ਮੋਗਾ ਵਾਸੀ ਉਸ ਦੇ ਪ੍ਰੇਮੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੇ ਪਿਤਾ ਪ੍ਰੀਤਮ ਸਿੰਘ ਤੇ ਉਸ ਦੇ ਸਾਥੀ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਖਵਿੰਦਰ ਕੈਨੇਡਾ ਫ਼ਰਾਰ ਹੋ ਗਿਆ। ਤਿੰਨਾਂ ਦੇ ਖਿਲਾਫ਼ ਹੱਤਿਆ ਤੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 13 ਮਈ ਦੀ ਰਾਤ ਨੂੰ ਕਰੀਬ 8.30 ਵਜੇ ਯਸ਼ਵਿੰਦਰ ਕੌਰ ਆਪਣੇ ਘਰੋਂ ਫੋਰਡ ਫਿਗੋ ਕਾਰ ’ਚ ਕਰਿਆਨੇ ਦਾ ਸਾਮਾਨ ਲੈਣ ਲਈ ਨਿਕਲੀ ਸੀ, ਪਰ ਪਰਤੀ ਨਹੀਂ। ਪਰਿਵਾਰ ਨੇ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ।
ਇਸ ਤੋਂ ਬਾਅਦ ਭਰਾ ਜਯੋਤਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਜਾਂਚ ਕੀਤੀ ਤਾਂ ਜੀਟੀਬੀ ਨਗਰ ’ਚ ਕੈਨੇਡਾ ’ਚ ਰਹਿਣ ਵਾਲਾ ਉਸ ਦਾ ਪ੍ਰੇਮੀ ਸੁਖਵਿੰਦਰ ਸਿੰਘ ਸਾਥੀਆਂ ਦੇ ਨਾਲ ਉਸੇ ਦੀ ਕਾਰ ’ਚ ਪਿਸਤੌਲ ਦੇ ਜ਼ੋਰ ’ਤੇ ਅਗਵਾ ਕਰਦੇ ਦਿਖਿਆ। ਹੁਣ ਛੇ ਦਿਨ ਬਾਅਦ ਮੰਗਲਵਾਰ ਨੂੰ ਪੁਲਿਸ ਨੂੰ ਕੁਬਾ ਪਿੰਡ ਦੇ ਨਜ਼ਦੀਕ ਨੀਲੋਂ ਨਹਿਰ ਤੋਂ ਯਸ਼ਵਿੰਦਰ ਦੀ ਲਾਸ਼ ਮਿਲੀ। ਕਰੀਬ ਇਕ ਕਿਲੋਮੀਟਰ ਦੂਰ ਨਹਿਰ ਤੋਂ ਉਸ ਦੀ ਕਾਰ ਵੀ ਬਰਾਮਦ ਹੋਈ, ਜਿਸ ਵਿਚ ਖ਼ੂਨ ਦੇ ਧੱਬੇ ਮਿਲੇ ਹਨ। ਸ਼ੱਕ ਹੈ ਕਿ ਯਸ਼ਵਿੰਦਰ ਦੀ ਕਾਰ ਦੇ ਅੰਦਰ ਹੀ ਗੋਲ਼ੀ ਮਾਰ ਕੇ ਹੱਤਿਆ ਕੀਤੀ ਗਈ ਹੈ। ਐੱਸਐੱਚਓ ਲਵੀਰ ਸਿੰਘ ਦੇ ਮੁਤਾਬਕ ਯਸ਼ਵਿੰਦਰ ਕੌਰ ਤੇ ਸੁਖਵਿੰਦਰ ਸਿੰਘ ਕਈ ਸਾਲਾਂ ਤੋਂ ਰਿਸ਼ਤੇ ’ਚ ਸਨ। ਪਰਿਵਾਰ ਦਾ ਦੋਸ਼ ਹੈ ਕਿ ਸੁਖਵਿੰਦਰ ਨੇ ਖ਼ੁਦ ਨੂੰ ਕੁਆਰਾ ਦੱਸਿਆ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਹ ਵਿਆਹੁਤਾ ਹੈ ਤੇ ਉਸ ਦੇ ਦੋ ਬੱਚੇ ਹਨ ਤਾਂ ਯਸ਼ਵਿੰਦਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਪੁਲਿਸ ਦੇ ਮੁਤਾਬਕ, ਕਰਮਜੀਤ ਸਿੰਘ ਵਾਰਦਾਤ ਦੇ ਸਮੇਂ ਸੁਖਵਿੰਦਰ ਦੇ ਨਾਲ ਮੌਜੂਦ ਸੀ, ਜਦਕਿ ਪਿਤਾ ਪ੍ਰੀਤਮ ਸਿੰਘ ’ਤੇ ਮਦਦ ਕਰਨ ਦੇ ਦੋਸ਼ ਹਨ। ਪੁਲਿਸ ਨੇ ਅਦਾਲਤ ’ਚ ਪੇਸ਼ ਕਰ ਕੇ ਦੋਵਾਂ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ।
ਕੈਨੇਡਾ ਤੋਂ ਸਿਰਫ਼ ਹੱਤਿਆ ਕਰਨ ਆਇਆ ਸੀ ਮੁਲਜ਼ਮ
ਜਾਂਚ ’ਚ ਪਤਾ ਲੱਗਾ ਹੈ ਕਿ ਪ੍ਰੇਮੀ ਸੁਖਵਿੰਦਰ ਸਿੰਘ ਕੈਨੇਡਾ ਤੋਂ 29 ਅਪ੍ਰੈਲ ਨੂੰ ਨੇਪਾਲ ਦੇ ਕਾਠਮੰਡੂ ਪਹੁੰਚਿਆ ਤੇ ਉੱਥੋਂ ਭਾਰਤ ਆਇਆ। ਇਸ ਤੋਂ ਬਾਅਦ ਤੋਂ ਹੀ ਉਹ ਹੱਤਿਆ ਦੀ ਯੋਜਨਾ ਬਣਾਉਂਦਾ ਰਿਹਾ। 13 ਮਈ ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਹ ਉਸੇ ਰਾਤ ਫ਼ਰਾਰ ਹੋ ਗਿਆ। ਮੁਲਜ਼ਮ ਨੇ ਪਹਿਲਾਂ ਤੋਂ ਹੀ ਕੈਨੇਡਾ ਦੀ ਵਾਪਸੀ ਦੀ ਫਲਾਈਟ ਦੀ ਟਿਕਟ ਬੁੱਕ ਕਰਵਾਈ ਸੀ। ਏਸੀਪੀ ਇੰਦਰਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਕੋਲ ਦੋ ਲਾਇਸੈਂਸੀ ਹਥਿਆਰ ਹਨ। ਸ਼ੱਕ ਹੈ ਕਿ ਹੱਤਿਆ ਵੀ ਲਾਇਸੈਂਸੀ ਹਥਿਆਰ ਨਾਲ ਹੀ ਕੀਤੀ ਗਈ ਹੈ। ਪੁਲਿਸ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਦੀ ਤਿਆਰੀ ਕਰ ਰਹੀ ਹੈ।
ਪੰਜ ਸਾਲ ਪਹਿਲਾਂ ਇੰਸਟਾਗ੍ਰਾਮ ’ਤੇ ਹੋਈ ਸੀ ਦੋਸਤੀ
ਭਰਾ ਜਯੋਤਿੰਦਰ ਸਿੰਘ ਨੇ ਕਿਹਾ ਕਿ ਮੇਰੀ ਭੈਣ ਗਾਇਕੀ ਦੇ ਨਾਲ ਬੁਟੀਕ ਚਲਾਉਂਦੀ ਸੀ। ਪੰਜ ਸਾਲ ਪਹਿਲਾਂ ਉਸ ਦੀ ਦੋਸਤੀ ਸੁਖਵਿੰਦਰ ਸੁੱਖਾ ਨਾਲ ਇੰਸਟਾਗਰਾਮ ’ਤੇ ਹੋਈ ਸੀ। ਕਈ ਵਾਰ ਉਹ ਉਨ੍ਹਾਂ ਦੇ ਘਰ ਵੀ ਆਉਂਦਾ ਰਿਹਾ। ਉਹ ਕੈਨੇਡਾ ’ਚ ਰਹਿੰਦਾ ਸੀ ਤੇ ਉੱਥੇ ਕੰਸਟ੍ਰਕਸ਼ਨ ਕੰਪਨੀ ਚਲਾਉਂਦਾ ਹੈ। ਉਸ ਨੇ ਖ਼ੁਦ ਨੂੰ ਕੁਆਰਾ ਦੱਸਿਆ ਸੀ ਪਰ ਬਾਅਦ ’ਚ ਪਤਾ ਲੱਗਾ ਕਿ ਉਹ ਵਿਆਹੁਤਾ ਹੈ। ਇਸ ਤੋਂ ਬਾਅਦ ਵੀ ਉਹ ਵਿਆਹ ਕਰਨ ਦਾ ਦਾਬਅ ਬਣਾ ਰਿਹਾ ਸੀ।