ਸ੍ਰੀ ਹਰਕ੍ਰਿਸ਼ਨ ਸਾਹਿਬ ਸਕੂਲ ’ਚ ਇਨਵੈਸਟੀਚਰ ਸੈਰਾਮਨੀ ਕਰਵਾਈ
ਸ੍ਰੀ ਹਰਕ੍ਰਿਸ਼ਨ ਸਾਹਿਬ ਸਕੂਲ ’ਚ ਇਨਵੈਸਟੀਚਰ ਸੈਰਾਮਨੀ ਕਰਵਾਈ
Publish Date: Thu, 07 May 2026 07:03 PM (IST)
Updated Date: Fri, 08 May 2026 04:15 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗਿੱਲ ਮਾਰਕੀਟ ਨਿਊ ਜਨਤਾ ਨਗਰ ਸਥਿੱਤ ਸ੍ਰੀ ਹਰਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਵਿਖੇ ਵਿਦਿਆਰਥੀਆਂ ਵਿੱਚ ਅਗਵਾਈ ਕਰਨ ਦੇ ਗੁਣਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਇਨਵੈਸਟੀਚਰ ਸਮਾਰੋਹ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਨਵੇਂ ਚੁਣੇ ਗਏ ਵਿਦਿਆਰਥੀ ਕੌਂਸਲ ਮੈਂਬਰਾਂ ਨੂੰ ਅਹੁਦੇ ਸੌਂਪੇ ਗਏ ਅਤੇ ਉਨ੍ਹਾਂ ਨੂੰ ਬੈਚ ਅਤੇ ਪਦ ਚਿੰਨ੍ਹ ਪ੍ਰਦਾਨ ਕੀਤੇ ਗਏ। ਇੰਨਾਂ ਵਿੱਚੋਂ ਜੂਨੀਅਰ ਕੈਟਾਗਰੀ ਵਿੱਚ ਪੰਜਵੀਂ ਏ ਦੀ ਮਨਰੂਪ ਕੌਰ ਨੂੰ ਡਿਪਟੀ ਹੈਡ ਗਰਲ, ਪੰਜਵੀਂ ਡੀ ਦੇ ਹਰਮਨਜੋਤ ਸਿੰਘ ਨੂੰ ਡਿਪਟੀ ਹੈਡ ਬੋਆਏ ਅਤੇ ਸੀਨੀਅਰ ਕੈਟਾਗਰੀ ਵਿੱਚ ਸਿਮਰਨਜੀਤ ਕੌਰ ’ਤੇ ਤਮੰਨਾ ਇਨਸਾਨ ਨੂੰ ਸਕੂਲ ਸੈਕਟਰੀ, ਐਸ਼ਵਰ ਰਾਜ ਹੈਡ ਬੋਆਏ, ਹਰਗੁਨਦੀਪ ਕੌਰ ਹੈਡ ਗਰਲ, ਪੀਓ ਪਟੇਲ ਵਾਈਸ ਹੈਡ ਬੋਆਏ ਅਤੇ ਦੀਆ ਨੂੰ ਵਾਈਸ ਹੈਡ ਗਰਲ ਦਾ ਖਿਤਾਬ ਦਿੱਤਾ ਗਿਆ। ਵਿਦਿਆਰਥੀਆਂ ਨੇ ਸਕੂਲ ਦੀ ਮਰਿਆਦਾ ਨੂੰ ਕਾਇਮ ਰੱਖਣ ਅਤੇ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ। ਸਕੂਲ ਦੇ ਡਾਇਰੈਕਟਰ ਜਤਿੰਦਰ ਸਿੰਘ ਅਤੇ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਗਵਾਈ ਸਿਰਫ ਅਹੁਦਾ ਨਹੀਂ, ਸਗੋਂ ਸੇਵਾ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਹਿਯੋਗ ਅਤੇ ਸਮਰਪਣ ਨਾਲ ਆਪਣੇ ਫਰਜਾਂ ਨੂੰ ਨਿਭਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਆਪਣਾ ਯੋਗਦਾਨ ਪਾਇਆ। ਪੂਰਾ ਮਾਹੌਲ ਉਤਸ਼ਾਹ, ਮਾਣ ਅਤੇ ਪ੍ਰੇਰਣਾ ਨਾਲ ਭਰਪੂਰ ਰਿਹਾ। ਅੰਤ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਚੁਣੇ ਗਏ ਵਿਦਿਆਰਥੀ ਨੇਤਾਵਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।