ਖੁਦ ਨੂੰ ਸੀਆਈਏ ਦੇ ਮੁਲਾਜ਼ਮ ਦੱਸਣ ਵਾਲੇ ਵਿਅਕਤੀਆਂ ਨੇ ਦੁਕਾਨਦਾਰ ਦੇ ਹੱਥ ਪੈਰ ਬੰਨ ਕੇ ਡਿੱਕੀ ਵਿੱਚ ਸੁੱਟਿਆ

-ਦੁਕਾਨਦਾਰ ਦਾ ਬਚਾਅ ਕਰਨ ਆਏ ਰਿਸ਼ਤੇਦਾਰ ਨੂੰ ਵੀ ਲੈ ਗਏ ਨਾਲ
-ਫਾਰਮ ਹਾਊਸ ਤੇ ਲਿਜਾ ਕੇ ਦਿੱਤੇ ਤਸੀਹੇ, ਬਾਅਦ ’ਚ ਹੋਏ ਫਰਾਰ
---
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸੋਨਾ ਚੋਰੀ ਕਰਨ ਦਾ ਦੋਸ਼ ਲਉਂਦਿਆਂ ਅੱਠ ਮੁਲਜ਼ਮਾਂ ਨੇ ਖੁਦ ਨੂੰ ਸੀਆਈਏ ਦੇ ਮੁਲਾਜ਼ਮ ਦੱਸਿਆ ਅਤੇ ਪਾਨ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਦੇ ਹੱਥ ਪੈਰ ਬੰਨ੍ਹ ਲਏ। ਮੁਲਜਮਾਂ ਨੇ ਉਕਤ ਵਿਅਕਤੀ ਨੂੰ ਗੱਡੀ ਦੀ ਡਿੱਕੀ ਵਿੱਚ ਸੁੱਟ ਲਿਆ। ਰਿਸ਼ਤੇਦਾਰ ਦਾ ਬਚਾਅ ਕਰਨ ਆਏ ਵਿਦਿਆਰਥੀ ਨੂੰ ਕਾਰ ਵਿੱਚ ਬਿਠਾ ਕੇ ਮੁਲਜ਼ਮ ਆਪਣੇ ਨਾਲ ਲੈ ਗਏ। ਮੁਲਜਮਾਂ ਦੇ ਚੰਗੂਲ ’ਚੋਂ ਨਿਕਲ ਕੇ ਨੌਜਵਾਨ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਵਿੱਚ ਪੁਲਿਸ ਨੇ ਬਸੰਤ ਸਿਟੀ ਪੱਖੋਵਾਲ ਰੋਡ ਦੇ ਵਾਸੀ ਮੁਹੰਮਦ ਸਾਬਰ ਖਾਨ ਦੀ ਸ਼ਿਕਾਇਤ ’ਤੇ ਅੱਠ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਸਾਬਰ ਨੇ ਦੱਸਿਆ ਕਿ ਉਸਦਾ ਮਾਸੜ ਰਾਂਚੀ ਕਲੋਨੀ ਦਾ ਵਾਸੀ ਤਾਜੂਦੀਨ ਰਾਜਗੁਰੂ ਨਗਰ ਇਲਾਕੇ ਵਿੱਚ ਸਿਗਰਿਟਾਂ ਅਤੇ ਚਾਹ ਦੀ ਦੁਕਾਨ ਚਲਾਉਂਦਾ ਹੈ। ਕੁੱਝ ਹਫਤੇ ਪਹਿਲਾਂ ਤਾਜੂਦੀਨ ਆਪਣੀ ਦੁਕਾਨ ਤੇ ਮੌਜੂਦ ਸੀ, ਇਸੇ ਦੌਰਾਨ ਦੋ ਕਾਰਾਂ ਵਿੱਚ ਸਵਾਰ ਹੋ ਕੇ ਅੱਠ ਵਿਅਕਤੀ ਆਏ। ਮੁਲਜਮਾਂ ਨੇ ਇਹ ਕਹਿ ਕੇ ਤਾਜੂਦੀਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਉਹ ਸੀਆਈਏ ਦੇ ਮੁਲਾਜ਼ਮ ਹਨ ਅਤੇ ਉਸਨੇ ਭਾਰੀ ਮਾਤਰਾ ਵਿੱਚ ਸੋਨਾ ਚੋਰੀ ਕੀਤਾ ਹੈ। ਇਸੇ ਦੌਰਾਨ ਤਾਜੂਦੀਨ ਨੇ ਫੋਨ ਕਰਕੇ ਸਾਬਰ ਨੂੰ ਸੂਚਨਾ ਦੇ ਦਿੱਤੀ। ਮੌਕੇ ਤੇ ਪਹੁੰਚੇ ਨੌਜਵਾਨ ਨੇ ਦੇਖਿਆ ਕਿ ਮੁਲਜ਼ਮ ਉਸਦੇ ਮਾਸੜ ਤਾਜੂਦੀਨ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਗੱਡੀ ਦੀ ਡਿੱਗੀ ਵਿੱਚ ਸੁੱਟ ਰਹੇ ਸਨ। ਮਾਸੜ ਦੇ ਬਚਾਅ ਲਈ ਸਾਬਰ ਜਿਵੇਂ ਹੀ ਅੱਗੇ ਆਇਆ ਤਾਂ ਮੁਲਜਮਾਂ ਨੇ ਉਸ ਨੂੰ ਵੀ ਦੂਸਰੀ ਗੱਡੀ ਵਿੱਚ ਬਿਠਾ ਲਿਆ। ਸਾਬਰ ਨੇ ਦੱਸਿਆ ਕਿ ਮੁਲਜਮ ਦੋਵਾਂ ਨੂੰ ਖੇੜੀ ਚਮੇੜੀ ਦੇ ਇੱਕ ਫਾਰਮ ਹਾਊਸ ਵਿੱਚ ਲੈ ਗਏ। ਜਿੱਥੇ ਉਨ੍ਹਾਂ ਨੇ ਦੋਵਾਂ ਦੀ ਕੁੱਟਮਾਰ ਕੀਤੀ।
---
ਨੌਜਵਾਨ ਦੀ ਚੁਸਤੀ ਨੇ ਕੀਤਾ ਬਚਾਅ
ਸਾਬਰ ਨੇ ਦੱਸਿਆ ਕਿ ਗੱਡੀ ਵਿੱਚ ਬੈਠਦੇ ਸਮੇਂ ਹੀ ਉਸ ਨੇ ਆਪਣੇ ਚਾਚੇ ਨੂੰ ਲੋਕੇਸ਼ਨ ਸੈਂਡ ਕਰ ਦਿੱਤੀ ਸੀ। ਸਾਬਰ ਦਾ ਚਾਚਾ ਅਤੇ ਹੋਰ ਵਿਅਕਤੀ ਉਹਨਾਂ ਦਾ ਪਿੱਛਾ ਕਰਦੇ ਹੋਏ ਫਾਰਮ ਹਾਊਸ ਤੱਕ ਪਹੁੰਚ ਗਏ ਅਤੇ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਸਾਰੇ ਮੁਲਜ਼ਮ ਉਹਨਾਂ ਨਾਲ ਉਲਝਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਸਾਬਰ ਮੁਲਜ਼ਮਾਂ ਦੇ ਚੰਗਲ ’ਚੋਂ ਨਿਕਲਿਆ ਅਤੇ ਸਾਰਾ ਮਾਮਲਾ ਥਾਣਾ ਸਰਾਭਾ ਨਗਰ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਕੁਝ ਹਫਤਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਅੱਠ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।