ਮਨਜੋਤ ਨੂੰ ਸਮਰਪਿਤ ਰਹੀ ਸ਼੍ਰੋਮਣੀ ਲਿਖਾਰੀ ਬੋਰਡ ਦੀ ਸਾਹਿਤਕ ਮਿਲਣੀ
ਮਨਜੋਤ ਨੂੰ ਸਮਰਪਿਤ ਰਹੀ ਸ੍ਰੋਮਣੀ ਲਿਖਾਰੀ ਬੋਰਡ ਦੀ ਸਾਹਿਤਕ ਮਿਲਣੀ
Publish Date: Mon, 04 May 2026 06:33 PM (IST)
Updated Date: Tue, 05 May 2026 04:11 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਗਿੱਲ ਰੋਡ ਸਥਿੱਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਸ੍ਰੋਮਣੀ ਲਿਖਾਰੀ ਬੋਰਡ ਪੰਜਾਬ ਵੱਲੋਂ ਕਰਵਾਈ ਗਈ ਮਹੀਨਾਵਾਰ ਸਾਹਿਤਕ ਮਿਲਣੀ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਛੱਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਮਨਜੋਤ ਸਿੰਘ ਸਪੁੱਤਰ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਸਮਰਪਿਤ ਰਹੀ।
ਇਸ ਮਿਲਣੀ ਦੀ ਸ਼ੁਰੂਆਤ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਵੱਲੋਂ ਆਪਣੀ ਮਾਤਾ ਸਵਰਗੀ ਬੀਬੀ ਨਿਰਅੰਜਨ ਅਵਤਾਰ ਕੌਰ ਦੀ ਲਿਖੀ ਇੱਕ ਗ਼ਜ਼ਲ ਦੇ ਇਸ ਸ਼ਿਅਰ ਜ਼ਿੰਦਗੀ ਦੇ ਕਾਫਲੇ ਚੱਲਦੇ ਰਹੇ, ਰੋਜ਼ ਦਿਨ ਚੜ੍ਹਦੇ ਰਹੇ ਢਲਦੇ ਰਹੇ। ਕੀ ਗੁਨਾਹ ਹੈ ਇਸ ਨਿਮਾਣੀ ਧਰਤ ਦਾ, ਫੁੱਲ ਖਿੜੇ ਕਿਧਰੇ ਸ਼ਿਵੇ ਬਲਦੇ ਰਹੇ ਨਾਲ ਕੀਤੀ ਗਈ। ਇਸ ਮੌਕੇ ਪ੍ਰੀਤ ਸੰਦਲ ਮਕਸੂਦੜਾ ਨੂੰ ਵੀ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕਹਾਣੀਕਾਰ ਪੰਮੀ ਹਬੀਬ ਅਤੇ ਉੱਘੀ ਸ਼ਾਇਰਾ ਜਸਵਿੰਦਰ ਕੌਰ ਜੱਸੀ ਦੇ ਜਨਮ ਦਿਨ ਮੌਕੇ ਲੰਬੀ ਉਮਰ ਲਈ ਦੁਆਵਾਂ ਕੀਤੀਆਂ ਗਈਆਂ। ਬੋਰਡ ਦੇ ਜਨਰਲ ਸਕੱਤਰ ਅਤੇ ਸਾਹਿਤਕ ਮਿਲਣੀ ਦੇ ਸੰਚਾਲਕ ਤੇ ਗੀਤਕਾਰ ਪ੍ਰਮਿੰਦਰ ਸਿੰਘ ਅਲਬੇਲਾ ਅਤੇ ਬੁਲੰਦ ਆਵਾਜ਼ ਦੇ ਮਾਲਕ ਗਾਇਕ ਜਗਦੇਵ ਸਿੰਘ ਜੱਗਾ ਨੇ ਆਪਣੇ ਗੀਤਾਂ ਨਾਲ ਸਾਹਿਤਕ ਦਰਬਾਰ ਦਾ ਆਗਾਜ਼ ਕੀਤਾ। ਉਚੇਚੇ ਤੌਰ ਤੇ ਪੁੱਜੇ ਸੰਗੀਤਕਾਰ ਤੇ ਸ਼ਾਇਰ ਮੀਤ ਪਾਣੀਪਤ ਅਤੇ ਗ਼ਜ਼ਲ-ਗੋ ਜ਼ੋਰਾਵਰ ਸਿੰਘ ਪੰਛੀ ਨੇ ਗ਼ਜ਼ਲਾਂ ਨਾਲ ਖੂਬ ਰੰਗ ਬੰਨ੍ਹਿਆ। ਕਹਾਣੀਕਾਰ ਪੰਮੀ ਹਬੀਬ ਨੇ ਆਪਣੀ ਮਿੰਨੀ ਕਹਾਣੀ ਰਾਹੀਂ ਹਾਜ਼ਰੀ ਲਗਵਾਈ ਜਦਕਿ ਸਿਮਰਨ ਧੁੱਗਾ, ਕੁਲਵਿੰਦਰ ਕੌਰ ਕਿਰਨ, ਜਸਵਿੰਦਰ ਕੌਰ ਜੱਸੀ, ਇੰਦਰਜੀਤ ਕੌਰ ਲੋਟੇ ਕਵਿਤਰੀਆਂ ਨੇ ਸ਼ਹੀਦਾਂ ਨੂੰ ਸਮਰਪਿਤ ਅਤੇ ਸਮਾਜਕ ਮੁੱਦਿਆਂ ਨੂੰ ਛੂਹੰਦੀਆਂ ਦਿਲ ਟੁੰਬਵੀਆਂ ਕਵਿਤਾਵਾਂ ਪੜ੍ਹੀਆਂ। ਉਰਦੂ ਦੇ ਨਾਮਵਰ ਸ਼ਾਇਰ ਕੇਵਲ ਦੀਵਾਨਾ, ਉਸਤਾਦ ਕਵੀਆਂ ਸੁਰਜੀਤ ਸਿੰਘ ਜੀਤ, ਹਰਦੇਵ ਸਿੰਘ ਕਲਸੀ ਅਤੇ ਚਰਨਜੀਤ ਸਿੰਘ ਚੰਨ ਵਲੋਂ ਬੋਲੀਆਂ ਗਈਆਂ ਭਾਵਪੂਰਤ ਰਚਨਾਵਾਂ ਦਾ ਸਭ ਨੇ ਖੂਬ ਅਨੰਦ ਮਾਣਿਆ। ਮਿਲਣੀ ਵਿੱਚ ਪਹਿਲੀ ਵਾਰ ਸ਼ਿਰਕਤ ਕਰਨ ਵਾਲੇ ਗਾਇਕ ਗੁਰਮੀਤ ਸਿੰਘ ਨੇ ਆਪਣੀ ਗਾਇਕੀ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਉਪਰੰਤ ਪੰਛੀ ਵਾਇਸ ਦੇ ਸੰਚਾਲਕ ਚੰਨਪ੍ਰੀਤ ਸਿੰਘ ਗਿੱਲ ਵਲੋਂ ਤਿਆਰ ਕੀਤੀ ਨਵੀਂ ਗ਼ਜ਼ਲ ਡੋਬੇ ਲਹਿਰ ਚਨਾਬ ਦੀ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਕੈਰੀਅਰ ਕਾਲਜ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ, ਤੂਫਾਨ ਸਾਹਿਬ ਮੈਮੋਰੀਅਲ ਐਜ਼ੂਕੇਸ਼ਨਲ ਸੁਸਾਇਟੀ ਦੇ ਵਿਜੇ ਕਲਿਆਣ ਅਤੇ ਏਕਮਜੋਤ ਕੌਰ ਵੱਲੋਂ ਆਏ ਮਹਿਮਾਨਾਂ ਲਈ ਉਚੇਚੇ ਇੰਤਜ਼ਾਮ ਕੀਤੇ ਗਏ।