ਵਾਰਡ ਨੰਬਰ 34 ਵਿੱਚ ਸੀਵਰੇਜ ਜਾਮ ਤੇ ਗੰਦਗੀ ਨੇ ਵਧਾਈ ਲੋਕਾਂ ਦੀ ਮੁਸੀਬਤ, ਬਿਮਾਰੀਆਂ ਫੈਲਣ ਦਾ ਖਤਰਾ

ਜੇਕਰ ਛੇਤੀ ਸਮੱਸਿਆ ਹੱਲ ਨਾ ਹੋਈ ਤਾਂ ਬਿਮਾਰੀਆਂ ਫੈਲਣ ਦਾ ਹੈ ਖ਼ਦਸ਼ਾ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਸੀ ਅਧੀਨ ਆਉਂਦੇ ਵਾਰਡ ਨੰਬਰ 34 ਦੇ ਕਈ ਇਲਾਕਿਆਂ ਦੇ ਨਿਵਾਸੀ ਗੰਦੇ ਪੀਣ ਵਾਲੇ ਪਾਣੀ, ਸੀਵਰੇਜ ਦੇ ਗੰਦੇ ਪਾਣੀ ਅਤੇ ਕੂੜੇ ਤੋਂ ਪ੍ਰੇਸ਼ਾਨ ਹਨ। ਜਿਸ ਦੇ ਚੱਲਦੇ ਲੋਕਾਂ ਨੂੰ ਉਨ੍ਹਾਂ ਦੇ ਇਲਾਕਿਆਂ ਵਿੱਚ ਬਿਮਾਰੀਆਂ ਫੈਲਣ ਦਾ ਡਰ ਸਤਾਉਣ ਲੱਗਿਆ ਹੈ। ਭਾਵੇਂ ਨਗਰ ਨਿਗਮ ਵੱਲੋਂ ਇਨ੍ਹਾਂ ਇਲਾਕਿਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਯਤਨ ਕੀਤੇ ਜਾ ਰਹੀੇ ਹਨ, ਪਰ ਨਗਰ ਨਿਗਮ ਕੋਲ ਅਜਿਹੀਆਂ ਜਿਆਦਾ ਸ਼ਿਕਾਇਤਾਂ ਹੋਣ ਕਾਰਨ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਦੇਰੀ ਹੋ ਰਹੀ ਹੈ। ਜਿਸ ਦਾ ਖਮਿਆਜਾ ਲੋਕਾਂ ਨੂੰ ਗੰਦਗੀ ਵਿੱਚ ਰਹਿਕੇ ਭੁਗਤਣਾ ਪੈ ਰਿਹਾ ਹੈ।
ਵਾਰਡ ਨੰਬਰ 34 ਦੀਆਂ ਪੰਜ ਕਲੋਨੀਆਂ ਦੇ ਨਿਵਾਸੀ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਗਲੀਆਂ ਵਿੱਚ ਖੜੇ ਗੰਦੇ ਪਾਣੀ ਅਤੇ ਕੂੜੇ ਤੋਂ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਵਾਰਡ ਦੀ ਪ੍ਰੀਤਮ ਕਲੋਨੀ ਅਤੇ ਸਿਟੀ ਗਾਰਡਨ ਕਲੋਨੀ ਵਿੱਚ ਪਿਛਲੇ ਇਕ ਹਫਤੇ ਤੋਂ ਟੂਟੀਆਂ ਵਿੱਚ ਆ ਰਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ ਹਨ ਜਿਸ ਦੇ ਚੱਲਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਖਰੀਦਣਾ ਜਾਂ ਫਿਰ ਹੋਰਨਾਂ ਥਾਵਾਂ ਤੋਂ ਲਿਆਉਣਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਵੱਲੋਂ ਨਗਰ ਨਿਗਮ ਨੂੰ ਸ਼ਿਕਾਇਤਾਂ ਕੀਤੀਆਂ, ਪਰ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਜੇਕਰ ਸੀਵਰੇਜ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਵਾਰਡ ਦੇ ਗੁਰਮੀਤ ਨਗਰ, ਸੁਰਜੀਤ ਨਗਰ, ਪ੍ਰੀਤਮ ਕਲੋਨੀ, ਮੰਦੀਪ ਕਲੋਨੀ, ਸਿਟੀ ਗਾਰਡਨ ਕਲੋਨੀ ਅਤੇ ਨਿਊੁ ਅੰਬੇਦਕਰ ਨਗਰ ਦੇ ਨਿਵਾਸੀ ਸੀਵਰੇਜ ਜਾਮ ਅਤੇ ਕੂੜੇ ਦੀ ਸਮੱਸਿਆ ਤੋਂ ਪੀੜਤ ਹਨ।
ਇਸ ਦੌਰਾਨ ਵਾਰਡ ਦੇ ਇਲਾਕੇ ਸੁਰਜੀਤ ਨਗਰ ਦੀਆਂ ਰਹਿਣ ਵਾਲੀਆਂ ਮਹਿਲਾਵਾਂ ਪੂਨਮ ਦੇਵੀ, ਸੰਧਿਆ ਰਾਣੀ, ਰਗਨੀ, ਸੋਨੀਆ ਅਤੇ ਅੰਨੂ ਬਾਲਾ ਨੇ ਜਤਾਉਂਦਿਆਂ ਕਿਹਾ ਕਿ ਸੀਵਰੇਜ ਜਾਮ ਅਤੇ ਗੰਦਗੀ ਕਾਰਨ ਉਨ੍ਹਾਂ ਪਰਿਵਾਰਾਂ ਨੂੰ ਘਰਾਂ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਘਰਾਂ ਦੇ ਸਾਹਮਣੇ ਪਾਣੀ ਖੜ੍ਹਾ ਰਹਿਣ ਨਾਲ ਬੱਚਿਆਂ ਨੂੰ ਸਕੂਲ ਜਾਣ ਵਿੱਚ ਵੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਜਾਮ ਅਤੇ ਕੂੜੇ ਕਾਰਨ ਇਲਾਕੇ ਵਿੱਚ ਮੱਖੀਆਂ ਅਤੇ ਮੱਛਰਾਂ ਵੱਧ ਗਏ ਹਨ ਜਿਸ ਨਾਲ ਇਲਾਕੇ ਵਿੱਚ ਡੇਂਗੂ, ਮਲੇਰੀਆ ਅਤੇ ਹੋਰ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ।
ਸਥਾਨਕ ਸੁਰਜੀਤ ਨਗਰ ਦੇ ਬਹਿਣ ਵਾਲੇ ਅਸ਼ੋਕ ਕੁਮਾਰ, ਸੰਦੀਪ, ਜਸਵਿੰਦਰ ਸਿੰਘ ਅਤੇ ਨਾਗਮਣੀ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਦੌਰਾਨ ਨੇਤਾਵਾਂ ਵੱਲੋਂ ਉਨ੍ਹਾਂ ਦੇ ਇਲਾਕੇ ਦੀਆਂ ਸਮੱਸਿਆਵਾਂ ਦੇ ਪੱਕੇ ਹੱਲ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਸਰਕਾਰ ਨੂੰ 4 ਸਾਲ ਤੋਂ ਜਿਆਦਾ ਦਾ ਸਮਾਂ ਹੋਣ ਦੇ ਬਾਅਦ ਵੀ ਅਕਸਰ ਉਨ੍ਹਾਂ ਪੀਣ ਵਾਲੇ ਗੰਦੇ ਪਾਣੀ, ਸੀਵਰੇਜ ਜਾਮ ਅਤੇ ਇਲਾਕੇ ਵਿੱਚ ਫੈਲੇ ਕੂੜੇ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਵਫਾ ਹੁੰਦੇ ਨਜ਼ਰ ਨਹੀਂ ਆ ਰਹੇ। ਜਿਸ ਕਾਰਨ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ ਅਤੇ ਉਹ ਜਲਦ ਤੋਂ ਜਲਦ ਪੱਕੇ ਹੱਲ ਦੀ ਮੰਗ ਕਰ ਰਹੇ ਹਨ।
---
ਨਗਰ ਨਿਗਮ ਦੀਆਂ ਟੀਮਾਂ ਲਾ ਕੇ ਕੀਤਾ ਜਾ ਰਿਹਾ ਸਮੱਸਿਆ ਦਾ ਹੱਲ : ਕੌਂਸਲਰ ਮਿਸ਼ਰਾ
ਇਸ ਮਾਮਲੇ ਸਬੰਧੀ ਵਾਰਡ ਨੰਬਰ 34 ਦੇ ਕੌਂਸਲਰ ਰਜੇਸ਼ ਮਿਸ਼ਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਵਾਰਡ ਦੇ ਪ੍ਰੀਤਮ ਕਲੋਨੀ, ਮੰਦੀਪ ਕਲੋਨੀ, ਗੁਰਮੀਤ ਨਗਰ, ਨਿਊੁ ਅੰਬੇਦਕਰ ਨਗਰ, ਸੁਰਜੀਤ ਨਗਰ, ਸਿਟੀ ਗਾਰਡਨ ਕਲੋਨੀ ਵਿੱਚ ਸੀਵਰੇਜ ਜਾਮ, ਕੂੜੇ ਅਤੇ ਗੰਦੇ ਪਾਣੀ ਦੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਹੱਲ ਕਰਨ ਲਈ ਨਗਰ ਨਿਗਮ ਦੇ ਓਐਂਡਐਮ ਸੈਲ ਦੀਆਂ ਟੀਮਾਂ ਲਾਗਾਤਰ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਕੁਝ ਲੋਕਾਂ ਵੱਲੋਂ ਬਿਨ੍ਹਾਂ ਸਹੀ ਪਲਾਨਿੰਗ ਦੇ ਕਲੋਨੀਆਂ ਕੱਟੀਆਂ ਗਈਆਂ ਸਨ। ਜਿਨ੍ਹਾਂ ਵਿੱਚ ਸਮਰੱਥਾ ਤੋਂ ਘੱਟ ਸੀਵਰੇਜ ਦੇ ਪਾਈਪ, ਇਕੋ ਸਾਈਡ ਤੇ ਪਾਣੀ ਸੀਵਰੇਜ ਦੀਆਂ ਲਾਈਨਾਂ ਅਤੇ ਇਨ੍ਹਾਂ ਦੇ ਸਹੀ ਜੋੜ ਨਾ ਲਗਾਉਣ ਕਾਰਨ ਕਈ ਇਲਾਕਿਆਂ ਵਿੱਚ ਗੰਦਾ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਵਾਰਡ ਦੀ ਸੇਵਾ ਸੰਭਾਲੇ ਸਵਾ ਸਾਲ ਦੇ ਕਰੀਬ ਸਮਾਂ ਹੋਇਆ ਹੈ। ਇਸ ਦੌਰਾਨ ਵਾਰਡ ਦੀਆਂ ਕਈ ਕਲੋਨੀਆਂ ਵਿੱਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾ ਦਿੱਤਾ ਗਿਆ ਤੇ ਬਾਰੀ ਰਹਿੰਦੇ ਕੰਮਾਂ ਨੂੰ ਕਰਵਾਉਣ ਲਈ ਵੀ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤੇ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗ।
---
ਕਈ ਕਾਲੋਨੀਆਂ ਦੇ ਨਾਜਾਇਜ਼ ਕੁਨੈਕਸ਼ਨ ਕੱਟੇ, ਇਸ ਕਰ ਕੇ ਆ ਰਹੀ ਸਮੱਸਿਆ : ਜੇਈ ਅਵਨੀਤ ਸਿੰਘ
ਇਸ ਸਬੰਧੀ ਜਦੋਂ ਨਗਰ ਨਿਗਮ ਦੇ ਓਐਂਡਐਮ ਸੈਲ ਦੇ ਜੇਈ ਅਵਨੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੀਆਂ ਟੀਮਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨ ਵਾਰਡਾਂ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਬੀਤੇ ਮਹੀਨੇ ਵਿੱਚ ਉਨ੍ਹਾਂ ਵੱਲੋਂ ਅੱਧਾ ਦਰਜਨ ਤੋਂ ਵੱਧ ਨਾਜਾਇਜ਼ ਕਲੋਨੀਆਂ ਦੇ ਕਨੈਕਸ਼ਨ ਕੱਟੇ ਹਨ। ਜਿਸ ਨਾਲ ਬਹੁਤ ਸਾਰੀਆਂ ਕਲੋਨੀਆਂ ਦੀ ਗੰਦੇ ਪਾਣੀ ਦੀ ਸਮੱਸਿਆ ਹੱਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਸਮੱਸਿਆ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਜਲਦੀ ਹੀ ਟੀਮਾਂ ਭੇਜ ਕੇ ਉਨ੍ਹਾਂ ਸਮੱਸਿਆਵਾਂ ਦਾ ਹੰਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਾਜਾਇਜ਼ ਕਲੋਨੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।